ਮਿਰਗੀ
miragee/miragī

ਪਰਿਭਾਸ਼ਾ

मृगी. ਮ੍ਰਿਗੀ. ਹਰਿਣੀ. "ਦਸ ਮਿਰਗੀ ਸਹਜੇ ਬੰਧਿ ਆਨੀ." (ਭੈਰ ਮਃ ੫) ਭਾਵ- ਦਸ ਇੰਦ੍ਰੀਆਂ। ੨. ਇੱਕ ਰੋਗ. ਸੰ. अपस्मार- ਅਪਮ੍‍ਮਾਰ.¹ ਅ਼. ਸਰਅ਼. ਅੰ. Epilepsy.#ਇਹ ਰੋਗ ਮਾਤਾ ਪਿਤਾ ਤੋਂ ਕਦੇ ਮਰੂਸੀ, ਜਾਂ ਬਹੁਤ ਮੈਥੁਨ, ਹੱਥੀਂ ਵੀਰਯ ਨਸ੍ਟ ਕਰਨ, ਅਤੀ ਦਿਮਾਗ਼ੀ ਮਿਹਨਤ, ਚਿੰਤਾ, ਸ਼ੋਕ, ਪੇਟ ਵਿੱਚ ਕੀੜੇ ਪੈਦਾ ਹੋਣ, ਮਲ ਮੂਤ ਦੇ ਰੁਕਣ, ਜ਼ਹਿਰ ਖਾਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤ ਵਰਤਣ, ਉੱਚੀ ਅਥਵਾ ਨੀਵੀਂ ਥਾਂ ਚੜ੍ਹਨ ਉਤਰਣ, ਅਚਾਨਕ ਡਰਨ ਦੇ ਕਾਰਣ, ਭਰੇ ਪੇਟ ਭੋਗ ਅਥਵਾ ਮੁਸ਼ੱਕਤ ਕਰਨ ਤੋਂ ਉਤਪੰਨ ਹੁੰਦਾ ਹੈ.#ਇਸ ਰੋਗ ਵਿੱਚ ਚਲਦੇ ਫਿਰਦੇ ਰੋਗੀ ਨੂੰ ਅੱਚਨਚੇਤ ਧੂੰਏ ਦਾ ਗੁਬਾਰ ਜੇਹਾ ਹੋਕੇ ਅਥਵਾ ਸ਼ਰੀਰ ਵਿੱਚ ਝਰਨਾਟਾ ਪੈਕੇ ਦਿਮਾਗ਼ ਨੂੰ ਚੱਕਰ ਆਉਣ ਲਗ ਪੈਂਦੇ ਹਨ ਅਤੇ ਬੇਹੋਸ਼ੀ ਹੋ ਜਾਂਦੀ ਹੈ. ਸਾਹ ਔਖਾ ਆਉਂਦਾ ਹੈ. ਮਿਰਗੀ ਵਾਲਾ ਮੂਰਛਾ ਦੀ ਦਸ਼ਾ ਵਿੱਚ ਹੱਥ ਪੈਰ ਮਾਰਦਾ ਅਤੇ ਦੰਦ ਕਰੀਚਦਾ ਹੈ, ਕਦੇ ਦੰਦਣ ਭੀ ਪੈ ਜਾਂਦੀ ਹੈ. ਮੂਹੋਂ ਝੱਗ ਆਉਂਦੀ ਹੈ, ਅੰਗ ਮੁੜ ਜਾਂਦੇ ਹਨ, ਸ਼ਰੀਰ ਦਾ ਰੰਗ ਬਦਲ ਜਾਂਦਾ ਹੈ, ਦਿਲ ਬਹੁਤ ਧੜਕਣ ਲਗਦਾ ਹੈ. ਕਈ ਵਾਰ ਮਲ ਮੂਤ੍ਰ ਭੀ ਨਿਕਲ ਜਾਂਦਾ ਹੈ.#ਜੇ ਵਾਤ (ਬਾਇ) ਦੀ ਅਧਿਕਤਾ ਹੋਵੇ ਤਾਂ ਮਿਰਗੀ ਦਾ ਦੌਰਾ ੧੨. ਦਿਨ ਪਿੱਛੋਂ, ਪਿੱਤ ਵਧੇਰੇ ਹੋਵੇ ਤਦ ੧੫. ਦਿਨ ਪਿੱਛੋਂ ਕਫ ਬਹੁਤ ਹੋਣ ਤੋਂ ਮਹੀਨੇ ਪਿੱਛੋਂ, ਜੇ ਤਿੰਨੇ ਦੋਸ ਮਿਲੇ ਹੋਣ ਤਾਂ ਨਿੱਤ ਜਾਂ ਪੰਜ ਸੱਤ ਦਿਨਾਂ ਪਿੱਛੋਂ ਹੁੰਦਾ ਹੈ, ਰੋਗ ਦੇ ਨਵੇਂ ਪੁਰਾਣੇ ਹੋਣ ਅਤੇ ਰੋਗੀ ਦੇ ਸ਼ਰੀਰ ਦੇ ਬਲ ਅਨੁਸਾਰ ਦੌਰੇ ਦਾ ਸਮਾਂ ਥੋੜਾ ਅਥਵਾ ਬਹੁਤਾ ਹੋਇਆ ਕਰਦਾ ਹੈ.#ਦੌਰੇ ਦੇ ਵੇਲੇ ਛਿੱਕਾਂ ਦੀ ਨਸਵਾਰ ਦੇਣੀ, ਹਿੰਗ ਸੁੰਘਾਉਣੀ, ਅੱਕ ਦੇ ਦੁੱਧ ਵਿੱਚ ਤਿੰਨ ਵਾਰੀ ਤਰ ਕਰਕੇ ਸੁਕਾਏ ਹੋਏ ਚਾਉਲਾਂ ਨੂੰ ਬਾਰੀਕ ਪੀਹਕੇ ਨਸਵਾਰ ਦੇਣੀ, ਤੁਲਸੀ ਦੇ ਪੱਤਿਆਂ ਦਾ ਰਸ ਨਾਸਾਂ ਵਿੱਚ ਟਪਕਾਉਣਾ, ਰੀਠਾ ਅਤੇ ਅਕਰਕਰਾ ਪਾਣੀ ਵਿੱਚ ਘਸਾਕੇ ਨਸਵਾਰ ਦੇਣੀ ਲਾਭਦਾਇਕ ਹੈ. ਖਟਮਲ (ਕਟੂਏ) ਦਾ ਲਹੂ ਨੱਕ ਵਿੱਚ ਟਪਕਾਉਣਾ ਭੀ ਗੁਣਕਾਰੀ ਹੈ. ਗਸ਼ ਦੀ ਹਾਲਤ ਵਿੱਚ ਰੋਗੀ ਦੇ ਮੂੰਹ ਵਿੱਚ ਕਾਗ (cork) ਰੱਖ ਦੇਣਾ ਚਾਹੀਏ, ਜਿਸ ਤੋਂ ਜੀਭ ਨਾ ਟੁੱਕੀ ਜਾਵੇ, ਮਿਰਗੀ ਪੱਚੀ ਵਰ੍ਹਿਆਂ ਦੀ ਉਮਰ ਤੀਕ ਦੇ ਰੋਗੀ ਦੀ ਇਲਾਜ ਕੀਤਿਆਂ ਬਹੁਤ ਛੇਤੀ ਹਟ ਜਾਂਦੀ ਹੈ, ਪਰ ਇਸ ਤੋਂ ਵੱਧ ਉਮਰ ਵਾਲੇ ਦੀ ਘੱਟ ਦੂਰ ਹੁੰਦੀ ਹੈ. ਇਸ ਰੋਗ ਲਈ ਹੇਠ ਲਿਖੇ ਉੱਤਮ ਇਲਾਜ ਹਨ-#(ੳ) ਵਰਚ ਪੀਹਕੇ ਸ਼ਹਦ ਵਿੱਚ ਮਿਲਾਕੇ ਰੋਜ਼ ਚਟਾਉਣੀ.#(ਅ) ਗੋਰੋਚਨ ਜਾਂ ਦਰਿਆਈ ਨਾਰੀਅਲ ਜਲ ਵਿੱਚ ਘਸਾਕੇ ਰੋਜ਼ ਪਿਆਉਣਾ.#(ੲ) ਮਘਪਿੱਪਲਾਂ ਚਾਲੀ ਦਿਨ ਹਾਥੀ ਦੇ ਮੂਤ੍ਰ ਵਿੱਚ ਭਿਉਂਕੇ ਰੱਖਣੀਆਂ, ਮੂਤ੍ਰ ਰੋਜ਼ ਨਵਾਂ ਬਦਲਦੇ ਰਹਿਣਾ, ਫੇਰ ਇਨ੍ਹਾਂ ਨੂੰ ਸੁਕਾਕੇ ਇੱਕ ਮਘਪਿੱਪਲ ਪੀਹਕੇ ਸ਼ਹਦ ਵਿੱਚ ਮਿਲਾਕੇ ਰੋਜ਼ ਚਟਾਉਣੀ.#(ਸ) ਬ੍ਰਹਮੀ ਬੂਟੀ ਦਾ ਰਸ ਸ਼ਹਦ ਵਿੱਚ ਮਿਲਾਕੇ ਚਟਾਉਣਾ.#(ਹ) ਅਕਰਕਰੇ ਵਿੱਚ ਚਾਰ ਗੁਣਾਂ ਸ਼ਹਦ ਮਿਲਾ ਕੇ ਛੀ ਮਾਸ਼ੇ ਰੋਜ਼ ਖਵਾਉਣਾ.#(ਕ) ਸੁਹਾਂਜਣੇ ਦੀਆਂ ਕੂਮਲਾਂ ਜਲ ਵਿੱਚ ਪੀਹਕੇ ਪੀਣੀਆਂ ਅਤੇ ਨਸਵਾਰ ਲੈਣੀ.#(ਖ) ਰੌਗਨ ਬਨਫ਼ਸ਼ਾ ਅਤੇ ਰੌਗ਼ਨ ਸੋਸਨ ਦੀ ਸਿਰ ਤੇ ਮਾਲਿਸ਼ ਕਰਨੀ ਅਤੇ ਪੈਰ ਦੀਆਂ ਪਾਤਲੀਆਂ ਨੂੰ ਅੱਕ ਦਾ ਦੁੱਧ ਮਲਣਾ.#(ਗ) ਪੋਟਾਸੀਅਮ ਬ੍ਰੋਮਾਈਡ(potassium bromide) ੫. ਤੋਂ ੪੦ ਗ੍ਰੇਨ² ਤਕ ਰੋਜ਼ ਖਵਾਉਣਾ.#(ਘ) ਬ੍ਰਾਹਮੀ ਘ੍ਰਿਤ ਖਵਾਉਣਾ.³#ਮਿਰਗੀ ਵਾਲੇ ਨੂੰ ਹੇਠ ਲਿਖੇ ਕੁਪੱਥ ਨਹੀਂ ਕਰਨੇ ਚਾਹੀਏ-#ਮਾਸ, ਖਟਿਆਈ, ਕੱਚਾ ਮਿੱਠਾ, ਮਿਰਚਾਂ ਖਾਣੀਆਂ, ਸ਼ਰਾਬ ਪੀਣੀ, ਮੈਥੁਨ, ਕ੍ਰੋਧ, ਚਿੰਤਾ, ਸ਼ੋਕ ਕਰਨਾ, ਬਹੁਤ ਖਾਣਾ ਅਰ ਸੌਣਾ, ਭੈਦਾਇਕ ਉੱਤੇ ਨੀਵੇ ਥਾਵਾਂ ਉੱਤੇ ਚੜ੍ਹਨਾ ਉਤਰਨਾ, ਸੂਰਜ ਵੱਲ ਤੱਕਣਾ, ਹਨੇਰੀ ਥਾਂ ਅਤੇ ਵਰਖਾ ਵਿੱਚ ਰਹਿਣਾ, ਘੁੰਮਦੀਆਂ ਚੀਜਾਂ ਅਰ ਨਦੀ ਦੇ ਵਹਿਂਦੇ ਪਾਣੀ ਵੱਲ ਤੱਕਣਾ.#ਇਸ ਰੋਗ ਵਾਲੇ ਨੂੰ ਸਾਦੀ ਖ਼ੁਰਾਕ ਖਾਣੀ ਚਾਹੀਏ. ਸਬਜ਼ੀਆਂ ਅਤੇ ਅੰਜੀਰ ਅੰਗੂਰ ਆਦਿ ਫਲਾਂ ਦਾ ਬਹੁਤਾ ਇਸਤਾਮਾਲ ਕਰਨਾ ਲੋੜੀਏ. ਚਾਉਲ, ਦਲੀਆ, ਦੁੱਧ, ਘਿਉ, ਬਦਾਮਰੋਗਨ, ਗੁਲਕੰਦ, ਪੋਦੀਨੇ ਦੀ ਚਟਣੀ ਦਾ ਖਾਣਾ, ਸ਼ੁੱਧ ਪੌਣ ਵਿੱਚ ਫਿਰਨਾ ਅਤੇ ਪ੍ਰਸੰਨ ਰਹਿਣਾ ਗੁਣਕਾਰੀ ਹੈ. ਰੋਗੀ ਨੂੰ ਇਸ ਗੱਲ ਦਾ ਖ਼ਾਸ ਖਿਆਲ ਰੱਖਣਾ ਲੋੜੀਏ ਕਿ ਕਦੇ ਕਬਜ਼ ਨਾ ਹੋਣੀ ਪਾਵੇ. "ਮਿਰਗੀ ਰੋਗ ਹੁਤੋ ਤਿਸ ਭਾਰੀ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : مِرگی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

epilepsy, epileptic fit, catalepsy
ਸਰੋਤ: ਪੰਜਾਬੀ ਸ਼ਬਦਕੋਸ਼

MIRGÍ

ਅੰਗਰੇਜ਼ੀ ਵਿੱਚ ਅਰਥ2

s. f, Epilepsy:—mirgí áuṉí, v. n. To have an epileptic fit:—mírgí wálá, s. m. An epileptic.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ