ਮੀਰਾਂਬਾਈ
meeraanbaaee/mīrānbāī

ਪਰਿਭਾਸ਼ਾ

ਇਹ ਰਾਜਾ ਰਤਨਸਿੰਘ ਰਾਠੌਰ ਮਰਤਾ¹ ਪਤਿ ਦੀ ਪੁਤ੍ਰੀ ਸੀ. ਇਸ ਦਾ ਜਨਮ ਸੰਮਤ ੧੫੪੮ ਵਿੱਚ ਹੋਇਆ ਅਰ ਮੇਵਾਰ ਦੇ ਰਾਜਕੁਮਾਰ ਭੋਵ ਰਾਜ ਨਾਲ, ਜੋ ਚਤੌੜਪਤਿ ਰਾਨਾਸਾਂਗਾ ਦਾ ਪੁਤ੍ਰ ਸੀ, ਸੰਮਤ ੧੫੭੩ ਵਿੱਚ ਸ਼ਾਦੀ ਹੋਈ. ਮੀਰਾਂਬਾਈ ਦਾ ਗ੍ਰਿਹਸ੍‍ਥ ਜੀਵਨ ਸੁਖ ਪੂਰਵਕ ਹੀ ਵੀਤਿਆ, ਕਿਉਂਕਿ ਰਾਨਾ ਦੁਰਗਾਭਗਤ ਸੀ ਅਤੇ ਇਹ ਕ੍ਰਿਸ਼ਨ ਉਪਾਸਿਕਾ ਸੀ.#ਪਤਿ ਦੇ ਮਰਣ ਪਿੱਛੋਂ ਮੀਰਾਂਬਾਈ ਘਰ ਬਾਰ ਤਿਆਗਕੇ ਵ੍ਰਿੰਦਾਵਨ ਆਦਿ ਤੀਰਥਾਂ ਦੀ ਯਾਤ੍ਰਾ ਕਰਦੀ ਹੋਈ ਸੰਮਤ ੧੬੦੩ ਵਿੱਚ ਦ੍ਵਾਰਿਕਾ ਦੇਹ ਤਿਆਗਕੇ ਜੀਵਨਯਾਤ੍ਰਾ ਸਮਾਪਤ ਕਰ ਗਈ. ਇਸ ਦਾ ਸ਼ਬਦ ਭਾਈ ਬੰਨੋ ਦੀ ਬੀੜ ਵਿੱਚ ਮਾਰੂ ਰਾਗ ਦਾ ਇਹ ਹੈ-#"ਮਨੁ ਹਮਾਰਾ ਬਾਧਿਓ, ਮਾਈ! ਕਵਲਨੈਨ ਆਪਨੇ ਗੁਨ,#ਤੀਖਣ ਤੀਰ ਬੇਧ ਸਰੀਰ ਦੂਰਿ ਗਯੋਮਾਈ,#ਲਾਗਿਓ ਤਬ ਜਾਨਿਓ ਨਹੀ, ਅਬ ਨ ਸਹਿਓ ਜਾਈ, ਰੀ ਮਾਈ।#ਤੰਤ ਮੰਤ ਅਉਖਦ ਕਰਉ ਤਊ ਪੀਰ ਨ ਜਾਈ,#ਹੈ ਕੋਊ ਉਪਕਾਰ ਕਰੈ? ਕਠਿਨ ਦਰਦੁ ਰੀ ਮਾਈ!#ਨਿਕਟਿ ਹਉ ਤੁਮ ਦੂਰਿ ਨਹੀ, ਬੇਗਿ ਮਿਲਹੁ ਆਈ,#ਮੀਰਾਂ ਗਿਰਧਰ ਸੁਆਮੀ ਦਇਆਲ ਤਨ ਕੀ ਤਪਤਿ ਬੁਝਾਈ, ਰੀ ਮਾਈ!#ਕਵਲ ਨੈਨ ਆਪਨੇ ਗੁਨ ਬਾਧਿਓ ਮਾਈ."
ਸਰੋਤ: ਮਹਾਨਕੋਸ਼