ਪਰਿਭਾਸ਼ਾ
ਜਿਲਾ ਫ਼ਿਰੋਜ਼ਪੁਰ ਵਿੱਚ ਪ੍ਰਸਿੱਧ ਨਗਰ, ਜਿਸ ਵਿੱਚ ਸਿੱਖਾਂ ਦਾ ਪਵਿਤ੍ਰ "ਮੁਕਤਸਰ" ਸਰੋਵਰ ਹੈ. ਇਸ ਤਾਲ ਦਾ ਨਾਮ ਪਹਿਲਾਂ "ਖਿਦਰਾਣਾ" ਸੀ. ਵਰਖਾ ਦਾ ਚਾਰੇ ਪਾਸਿਓਂ ਪਾਣੀ ਆਕੇ ਇੱਥੇ ਇਤਨਾ ਜਮਾਂ ਹੁੰਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸ਼ੂ ਜਲ ਪੀਣ ਲਈ ਇਸ ਥਾਂ ਆਉਂਦੇ. ਵੈਸਾਖ ਸੰਮਤ ੧੭੬੨ ਵਿੱਚ ਸਰਹਿੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ ਨੂੰ ਕਬਜੇ ਕਰਕੇ ਵੈਰੀ ਦਾ ਮੁਕਾਬਲਾ ਕੀਤਾ. ਸਭ ਤੋਂ ਪਹਿਲਾਂ ਮਾਈ ਭਾਗੋ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਮਹਾਸਿੰਘ ਨੇ ਦਸ਼ਮੇਸ਼ ਤੋਂ ਬੇਦਾਵਾਪਤ੍ਰ ਚਾਕ ਕਰਵਾਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ. ਕਲਗੀਧਰ ਨੇ ਸ਼ਹੀਦਸਿੰਘਾਂ ਨੂੰ ਮੁਕਤ ਪਦਵੀ ਬਖਸ਼ਕੇ ਤਾਲ ਦਾ ਨਾਮ "ਮੁਕਤਸਰ" ਰੱਖਿਆ ਅਰ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ. ਸ਼ਹੀਦਗੰਜ ਤਾਲ ਦੇ ਕਿਨਾਰੇ ਵਿਦ੍ਯਮਾਨ ਹੈ. ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(ੳ) ਸ਼ਹੀਦਗੰਜ. ਇੱਥੇ ਕਲਗੀਧਰ ਜੀ ਨੇ ਚਾਲੀ ਮੁਕਤੇ ਅਤੇ ਹੋਰ ਸਿੰਘ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਹੈ.#(ਅ) ਟਿੱਬੀਸਾਹਿਬ. ਸ਼ਹਿਰ ਤੋਂ ਅੱਧ ਮੀਲ ਉੱਤਰ ਪੱਛਮ ਉਹ ਟਿੱਬੀ, ਜਿੱਥੋਂ ਕਲਗੀਧਰ ਤੁਰਕੀ ਸੈਨਾ ਪੁਰ ਬਾਣ ਵਰਖਾ ਕਰਦੇ ਰਹੇ.#(ੲ) ਤੰਬੂ ਸਾਹਿਬ. ਜਿੱਥੇ ਸਿੰਘਾਂ ਦਾ ਕੈਂਪ ਸੀ.#(ਸ) ਵਡਾ ਦਰਬਾਰ, ਜਿੱਥੇ ਗੁਰੂ ਸਾਹਿਬ ਵਿਰਾਜੇ ਸਨ. ਗੁਰਦ੍ਵਾਰਾ ਸਰੋਵਰ ਦੇ ਕਿਨਾਰੇ ਸੁੰਦਰ ਬਣਿਆ ਹੋਇਆ ਹੈ. ੪੩੦੦ ਰੁਪਯੇ ਦੀ ਸਾਲਾਨਾ ਜਾਗੀਰ ਸਿੱਖਰਾਜ ਦੇ ਸਮੇਂ ਤੋਂ ਹੈ.#ਇਸ ਗੁਰਧਾਮ ਪੁਰ ਹਰ ਸਾਲ ਮਾਘੀ ਨੂੰ ਭਾਰੀ ਮੇਲਾ ਭਰਦਾ ਹੈ. ਮੁਕਤਸਰ ਬੀ. ਬੀ. ਐਂਡ ਸੀ. ਆਈ. ਰੇਲਵੇ ਦਾ ਸਟੇਸ਼ਨ ਹੈ, ਜੋ ਕੋਟਕਪੂਰਾ ਜਁਕਸ਼ਨ ਤੋਂ ਵੀਹ ਮੀਲ ਹੈ.
ਸਰੋਤ: ਮਹਾਨਕੋਸ਼