ਪਰਿਭਾਸ਼ਾ
ਮੁਹ਼ੰਮਦ ਸਾਹਿਬ ਦਾ ਦੇਹਾਂਤ ਸਨ ੬੩੨ ਵਿੱਚ ਹੋਇਆ. ਉਨ੍ਹਾਂ ਦੇ ਪਿੱਛੋਂ ਇਸਲਾਮ ਦੀ ਬਾਗ ਡੋਰ ਉਨ੍ਹਾਂ ਦੇ ਜਾ- ਨਸ਼ੀਨਾਂ ਦੇ ਹੱਥ ਆਈ, ਜਿਨ੍ਹਾਂ ਨੂੰ ਖ਼ਲੀਫ਼ੇ ਕਹਿਂਦੇ ਸਨ. ਇਨ੍ਹਾਂ ਦੇ ਉੱਦਮ ਨਾਲ ਇੱਕ ਸੌ ਵਰ੍ਹੇ ਦੇ ਅੰਦਰ ਅੰਦਰ ਇਸਲਾਮ ਦਾ ਝੰਡਾ ਇੱਕ ਪਾਸੇ ਮਿਸਰ, ਉੱਤਰੀ ਅਫਰੀਕਾ, ਸਪੇਨ ਅਤੇ ਦੂਜੇ ਪਾਸੇ- ਸੀਰੀਆ, ਫਾਰਸ, ਅਫਗਾਨਿਸਤਾਨ ਆਦਿ ਦੇਸਾਂ ਤੇ ਝੂਲਣ ਲੱਗਾ, ਅੱਗੋਂ ਵਾਰੀ ਆਈ ਭਾਰਤ ਦੀ. ਕੁਝ ਚਿਰ ਤਾਂ ਸਾਡੇ ਉੱਤਰੀ ਪੱਛਮੀ ਪਹਾੜਾਂ ਨੇ ਇਸਲਾਮੀ ਵਾਧੇ ਨੂੰ ਠਲ੍ਹਾ ਦਿੱਤਾ, ਪਰ ਅੱਠਵੀਂ ਸਦੀ ਦੇ ਸ਼ੁਰੂ ਵਿੱਚ ਸਿੰਧ ਦੇ ਰਾਹੀਂ ਹੱਲਾ ਹੋ ਹੀ ਗਿਆ.#ਸਭ ਤੋਂ ਪਹਿਲਾਂ ਬਸਰੇ ਦੇ ਹਾਕਿਮ ਹੱਜਾਜ ਦਾ ਸੈਨਾਪਤਿ ਮੁਹ਼ੰਮਦ ਬਿਨ ਕਾਸਿਮ ਖ਼ਲੀਫ਼ਾ ਵਲੀਦ ਦੀ ਆਗ੍ਯਾ ਨਾਲ ੨੧. ਜੂਨ ਸਨ ੭੧੨ ਨੂੰ ਮਕਰਾਨ ਅਤੇ ਬਲੋਚਿਸਤਾਨ ਹੁੰਦਾ ਹੋਇਆ ਭਾਰਤ ਪੁਰ ਚੜ੍ਹਕੇ ਆਇਆ, ਜਿਸ ਨੇ ਚਚ ਦੇ ਪੁਤ੍ਰ ਰਾਜਾ ਦਾਹਿਰ (ਅਥਵਾ ਦਾਹੂ) ਨੂੰ ਜਿੱਤਕੇ ਰਾਜਧਾਨੀ ਦੇਵਲ, ਅਤੇ ਸਨੇ ਸਨੇ ਸਾਰੇ ਸਿੰਧ ਉੱਤੇ ਕਬਜਾ ਕਰ ਲੀਤਾ, ਪਰ ਇਹ ਕਬਜਾ ਬਹੁਤ ਚਿਰ ਨਾ ਰਿਹਾ, ਕਿਉਂਕਿ ਸੁਮੇਰ ਰਾਜਪੂਤਾਂ ਨੇ ਮੁੜ ਸਿੰਧ ਫਤੇ ਕਰ ਲਿਆ.#ਇਸ ਪਿੱਛੋਂ ਸਨ ੯੮੬ ਤੋਂ ਲੈਕੇ ਮਾਮੂਰਸ਼ੀਦ, ਸੁਬਕਤਗੀਨ ਅਰ ਮਹਮੂਦ ਗਜਨਵੀ ਆਦਿ ਨੇ ਉੱਤਰ ਪੱਛਮ ਵੱਲੋਂ ਕਈ ਹਮਲੇ ਕੀਤੇ ਅਤੇ ਦੇਸ ਲੁੱਟਿਆ, ਪਰ ਭਾਰਤ ਵਿੱਚ ਮੁਸਲਮਾਨਾਂ ਦਾ ਰਾਜ ਸ਼ਹਾਬੁੱਦੀਨ ਮੁਹ਼ੰਮਦ ਗੋਰੀ ਨੇ ਥਾਪਿਆ, ਜਿਸ ਨੇ ਸਨ ੧੧੯੨ ਵਿੱਚ ਪ੍ਰਿਥੀਰਾਜ ਚੌਹਾਨ ਨੂੰ ਜਿੱਤਕੇ ਹਿੰਦੁਸਤਾਨ ਦੀ ਗੱਦੀ ਸਾਂਭੀ ਅਤੇ ਆਪਣਾ ਗੁਲਾਮ ਕੁਤਬੁੱਦੀਨ ਐਬਕ ਪ੍ਰਤਿਨਿਧਿ ਬਣਾਕੇ ਦਿੱਲੀ ਵਿੱਚ ਕਾਇਮ ਕੀਤਾ.#ਭਾਰਤ ਦੇ ਪ੍ਰਾਂਤਾਂ (ਇਲਾਕਿਆਂ) ਵਿੱਚ ਅਨੇਕ ਮੁਸਲਮਾਨ ਰਾਜੇ ਹੋਏ ਹਨ, ਪਰ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਹੀ ਹਿੰਦੁਸਤਾਨ ਦੇ ਸ਼ਹਨਸ਼ਾਹ ਮੰਨੇ ਜਾਂਦੇ ਹਨ, ਅਰ ਸਿੱਖ ਇਤਿਹਾਸ ਨਾਲ ਖਾਸ ਕਰਕੇ ਮੁਗ਼ਲਵੰਸ਼ੀ ਬਾਦਸ਼ਾਹਾਂ ਦਾ ਸੰਬੰਧ ਹੈ, ਇਸ ਲਈ ਦਿੱਲੀ ਦੇ ਤਖਤ ਪੁਰ ਬੈਠਣ ਵਾਲੇ ਬਾਦਸ਼ਾਹ ਇੱਥੇ ਲਿਖੇ ਜਾਂਦੇ ਹਨ-#(ਗ਼ੁਲਾਮਵੰਸ਼)#(੧) ਕ਼ੁਤਬੁੱਦੀਨ ਐਬਕ. ਸਨ ੧੨੦੬ ਤੋਂ ੧੨੧੦. ਸ਼ਹਾਬੁੱਦੀਨ ਮੁਹ਼ੰਮਦ ਗੋਰੀ ਨੇ ਦਿੱਲੀਪਤਿ ਪ੍ਰਿੱਥੀਰਾਜ ਨੂੰ ਸਨ ੧੧੯੨ ਵਿੱਚ ਫਤੇ ਕਰਕੇ ਆਪਣੇ ਗੁਲਾਮ ਕੁਤਬੁੱਦੀਨ ਨੂੰ ਭਾਰਤ ਦੀ ਹੁਕੂਮਤ ਸੌਂਪੀ. ਸ਼ਹਾਬੁੱਦੀਨ ਦੇ ਮਰਨ ਤੇ ਸਨ ੧੨੦੬ ਵਿੱਚ ਇਹ ਹਿੰਦੁਸਤਾਨ ਦਾ ਸ਼ਹਨਸ਼ਾਹ ਬਣਿਆਂ. ਇਹ ਖਾਨਦਾਨ ਗੁਲਾਮਾਂ ਦਾ ਪਹਿਲਾ ਬਾਦਸ਼ਾਹ ਹੋਇਆ.#(੨) ਆਰਾਮਸ਼ਾਹ. ਸਨ ੧੨੧੦ ਤੋਂ ੧੨੧੧. ਇਹ ਨੰਃ ੧. ਦਾ ਬੇਟਾ ਸੀ. ਕੇਵਲ ਬਾਰਾਂ ਮਹੀਨੇ ਬਾਦਸ਼ਾਹ ਰਿਹਾ, ਇਸ ਦੀ ਥਾਂ ਇਸ ਦੇ ਭਣੋਈਏ ਨੰਃ ੩. ਨੇ ਸਾਂਭੀ.#(੩) ਸ਼ਮਸੁੱਦੀਨ ਅਲਤਮਸ਼ (ਇਲਤ ਤਮਸ਼). ਜਨਵਰੀ ਸਨ ੧੨੧੧ ਤੋਂ ਅਪ੍ਰੈਲ ੧੨੩੫. ਇਹ ਨੰਃ ੧. ਦਾ ਗੁਲਾਮ ਅਤੇ ਜਵਾਈ ਸੀ. ਦਿੱਲੀ ਦਾ ਕੁਤਬ ਮੀਨਾਰ ਇਸੇ ਨੇ ਬਣਵਾਇਆ ਹੈ.#(੪) ਰੁਕਨੁੱਦੀਨ ਫੀਰੋਜ਼ਸ਼ਾਹ. ਸਨ ੧੨੩੫ ਤੋਂ ੧੨੩੬. ਇਹ ਨੰ. ੩. ਦਾ ਬੇਟਾ ਸੀ. ਕੇਵਲ ਸੱਤ ਮਹੀਨੇ ਤਖਤ ਪੁਰ ਰਿਹਾ, ਇਸ ਦੀ ਥਾਂ ਇਸ ਦੀ ਭੈਣ ਨੰਃ ੫. ਨੇ ਸਾਂਭੀ.#(੫) ਸੁਲਤਾਨਹ ਰਜੀਯਾ. ਸਨ ੧੨੩੬- ੪੦. ਇਹ ਨੰਃ ੩. ਦੀ ਬੇਟੀ ਸੀ. ਇਹ ੨੪ ਅਕਤੂਬਰ ਸਨ ੧੨੩੯ ਨੂੰ ਤਖਤੋਂ ਉਤਾਰੀ ਗਈ ਅਤੇ ਕੁਝ ਮਹੀਨੇ ਕੈਦ ਰਹਿਕੇ ਸਨ ੧੨੪੦ ਵਿੱਚ ਆਪਣੇ ਭਾਈ ਨੰਃ ੬. ਦੇ ਹੱਥੋਂ ਮਾਰੀ ਗਈ. ਇਹ ਇੱਕੋ ਇਸਤ੍ਰੀ ਸੀ, ਜੋ ਦਿੱਲੀ ਦੇ ਤਖ਼ਤ ਤੇ ਬੈਠੀ.#(੬) ਬਹਿਰਾਮਸ਼ਾਹ ਮੁਇ਼ਜ਼ੁੱਦੀਨ. ਸਨ ੧੨੪੦ ਤੋਂ ੧੨੪੧. ਇਹ ਨੰਃ ੩. ਦਾ ਬੇਟਾ ਸੀ. ਮਈ ਸਨ ੧੨੪੧ ਵਿੱਚ ਗੱਦੀਓਂ ਲਾਹਿਆ ਗਿਆ ਅਤੇ ਕਤਲ ਕੀਤਾ ਗਿਆ.#(੭) ਅਲਾਉੱਦੀਨ ਮਸਊਦ. ਸਨ ੧੨੪੨ ਤੋਂ ੧੨੪੬. ਇਹ ਨੰਃ ੪. ਦਾ ਬੇਟਾ ਸੀ.#(੮) ਨਾਸਿਰੁੱਦੀਨ ਮਹ਼ਮੂਦ. ਸਨ ੧੨੪੬ ਤੋਂ ੧੨੬੬. ਇਹ ਨੰਃ ੩. ਦਾ ਪੁਤ੍ਰ ਸੀ. ਇਹ ਨਿਰਾ ਤਖਤ ਤੇ ਹੀ ਬੈਠਣ ਵਾਲਾ ਸੀ, ਰਾਜ ਇਸ ਦਾ ਵਜੀਰ ਬਲਬਨ ਕਰਦਾ ਸੀ.#(੯) ਗਯਾਸੁੱਦੀਨ ਬਲਬਨ. ਸਨ ੧੨੬੬ ਤੋਂ ੧੨੮੬. ਇਹ ਨੰਃ ੩. ਦਾ ਗੁਲਾਮ ਅਤੇ ਨੰਃ ੮. ਦਾ ਸਹੁਰਾ ਅਤੇ ਵਜੀਰ ਸੀ. ਇਸ ਦੀ ਮੌਤ ੧੨੮੬ ਵਿੱਚ ਹੋਈ.#(੧੦) ਮੁਇ਼ਜ਼ੁੱਦੀਨ ਕੈਕ਼ੂਬਾਦ. ਸਨ ੧੨੮੬ ਤੋਂ ੧੨੯੦. ਇਹ ਬੰਗਾਲ ਦੇ ਸੂਬੇਦਾਰ ਬੁਗ਼ਰਾਖ਼ਾਨ ਦਾ ਪੁਤ੍ਰ ਅਤੇ ਨੰਃ ੯. ਦਾ ਪੋਤਾ ਸੀ, ਜੋ ਗੱਦੀਓਂ ਲਾਹਿਆ ਅਤੇ ਕਤਲ ਕੀਤਾ ਗਿਆ. ਕੈਕ਼ੂਬਾਦ ਗੁਲਾਮਾਂ ਦੀ ਸਲਤਨਤ ਦਾ ਅੰਤਿਮ ਬਾਦਸ਼ਾਹ ਸੀ.#(ਖ਼ਲਜੀ¹ ਵੰਸ਼)#(੧੧) ਜਲਾਲੁੱਦੀਨ ਫ਼ੀਰੋਜ਼ ਖ਼ਲਜੀ. ਸਨ ੧੨੯੦ ਤੋਂ ੧੨੯੬. ਇਹ ਕਾਯਮਖ਼ਾਨ ਦਾ ਪੁਤ੍ਰ ਸੀ. ਇਸ ਨੇ ਆਪਣੀ ਹਿੰਮਤ ਨਾਲ ਗ਼ੁਲਾਮਵੰਸ਼ ਤੋਂ ਦਿੱਲੀ ਦਾ ਤਖਤ ਖੋਹਿਆ.#(੧੨) ਅਲਾਉੱਦੀਨ ਖ਼ਲਜੀ. ਸਨ ੧੨੯੬ ਤੋਂ ੧੩੧੬. ਇਹ ਨੰਃ ੧੧. ਦਾ ਭਤੀਜਾ ਅਤੇ ਜਵਾਈ ਸੀ. ਇਸ ਨੇ ਜਲਾਲੁੱਦੀਨ ਨੂੰ ਮਾਰਕੇ ਉਸ ਦਾ ਰਾਜ ਸਾਂਭਿਆ, ਅਤੇ ਆਪਣੀ ਪਦਵੀ ਸਿਕੰਦਰ ਸਾਨੀ ਠਹਿਰਾਈ. ਮੁਗਲਰਾਜ ਤੋਂ ਪਹਿਲਾਂ ਇਹ ਸਾਰੇ ਮੁਸਲਮਾਨ ਬਾਦਸ਼ਾਹਾਂ ਵਿੱਚੋਂ ਵਡਾ ਪ੍ਰਤਾਪੀ ਹੋਇਆ ਹੈ.²#(੧੩) ਕ਼ੁਤਬੁੱਦੀਨ ਮੁਬਾਰਕਸ਼ਾਹ ਖ਼ਲਜੀ. ਸਨ ੧੩੧੬ ਤੋਂ ੧੩੨੦. ਇਹ ਨੰਃ ੧੨. ਦਾ ਬੇਟਾ ਅਤੇ ਖ਼ਲਜੀਵੰਸ਼ ਦਾ ਅਖ਼ੀਰੀ ਬਾਦਸ਼ਾਹ ਸੀ.#(ਤੁਗ਼ਲਕ਼ ਵੰਸ਼)#(੧੪) ਗਯਾਸੁੱਦੀਨ ਤੁਗ਼ਲਕ਼. ਸਨ ੧੩੨੧ ਤੋਂ ੧੩੨੫. ਇਹ ਗਯਾਸੁੱਦ੍ਵੀਨ ਬਲਬਨ ਦੇ ਤੁਗ਼ਲਕ਼ ਗ਼ੁਲਾਮ ਦਾ ਬੇਟਾ ਇੱਕ ਹਿੰਦੂ ਜੱਟ ਇਸਤ੍ਰੀ ਦੇ ਪੇਟੋਂ ਸੀ. ਇਸ ਦਾ ਨਾਉਂ ਗਾਜੀ ਮਲਿਕ ਸੀ. ਇਹ ਪੰਜਾਬ ਦਾ ਸੂਬੇਦਾਰ ਸੀ. ਤੁਗ਼ਲਕ ਵੰਸ਼ ਦੀ ਬਾਦਸ਼ਾਹਤ ਇਸ ਨੇ ਕਾਇਮ ਕੀਤੀ.#(੧੫) ਮੁਹ਼ੰਮਦਸ਼ਾਹ ਤੁਗ਼ਲਕ਼. ਸਨ ੧੩੨੫ ਤੋਂ ੧੩੫੧. ਇਹ ਨੰਃ ੧੪. ਦਾ ਵਡਾ ਬੇਟਾ ਸੀ. ਇਹ ਆਪਣੇ ਬਾਪ ਨੂੰ ਮਾਰਕੇ ਤਖਤ ਤੇ ਬੈਠਾ. ਇਸ ਦਾ ਅਸਲ ਨਾਮ ਫ਼ਖ਼ਰੁੱਦੀਨ ਜੂਨਾਖ਼ਾਨ ਸੀ.#(੧੬) ਫ਼ੀਰੋਜ਼ਸ਼ਾਹ ਤੁਗ਼ਲਕ਼. ਸਨ ੧੩੫੧ ਤੋਂ ੧੩੮੮. ਇਹ ਗ਼ਯਾਸੁੱਦੀਨ ਤੁਗ਼ਲਕ਼ ਦੇ ਭਾਈ ਰਜਬ ਦਾ ਬੇਟਾ ਅਤੇ ਨੰਃ ੧੫. ਦਾ ਚਚੇਰਾ ਭਾਈ ਸੀ.#(੧੭) ਗ਼ਯਾਸੁੱਦੀਨ ਤੁਗ਼ਲਕ਼ ੨. ਸਨ ੧੩੮੮ ਤੋਂ ੧੩੮੯. ਇਹ ਫ਼ਤੋਖ਼ਾਨ ਦਾ ਬੇਟਾ ਅਤੇ ਨੰਃ ੧੬. ਦਾ ਪੋਤਾ ਸੀ.#(੧੮) ਅਬੂਬਕਰ ਤੁਗ਼ਲਕ਼. ਸਨ ੧੩੮੯ ਤੋਂ ੧੩੯੦. ਇਹ ਜਫ਼ਰਖ਼ਾਨ ਦਾ ਬੇਟਾ ਅਤੇ ਨੰਃ ੧੬. ਦਾ ਪੋਤਾ ਸੀ. ਕਰੀਬ ਡੇਢ ਵਰ੍ਹਾ ਬਾਦਸ਼ਾਹ ਰਿਹਾ.#(੧੯) ਨਾਸਿਰੁੱਦੀਨ ਮੁਹ਼ੰਮਦਸ਼ਾਹ ਤੁਗ਼ਲਕ਼. ਸਨ ੧੩੯੦ ਤੋਂ ੧੩੯੪. ਇਹ ਨੰਃ ੧੬. ਦਾ ਬੇਟਾ ਸੀ. ਇੱਕ ਵਾਰ ਸਨ ੧੩੮੭ ਵਿੱਚ ਇਹ ਆਪਣੇ ਬਾਪ ਦੇ ਹੁੰਦੇ ਤਖਤ ਪੁਰ ਬੈਠ ਗਿਆ ਸੀ, ਪਰ ਥੋੜੇ ਚਿਰ ਵਿੱਚ ਹੀ ਗੱਦੀਓਂ ਲਾਹਿਆ ਗਿਆ, ਫੇਰ ੧੩੯੦ ਵਿੱਚ ਅਬੂਬਕਰ ਪਿੱਛੋਂ ਬਾਦਸ਼ਾਹ ਹੋਇਆ.#(੨੦) ਹੁਮਾਯੂੰ ਤੁਗ਼ਲਕ਼ ਸਿਕੰਦਰਸ਼ਾਹ. ਸਨ ੧੩੯੪. ਇਹ ਨੰਃ ੧੯. ਦਾ ਬੇਟਾ ਸੀ. ਕੇਵਲ ੪੫ ਦਿਨ ਬਾਦਸ਼ਾਹ ਰਹਿਕੇ ਮਰ ਗਿਆ.#(੨੧) ਮੁਹ਼ੰਮਦਸ਼ਾਹ ਤੁਗ਼ਲਕ (ਠੀਕ ਨਾਉਂ ਮਹਮੂਦ ਤੁਗ਼ਲਕ਼) ਸਨ ੧੩੯੪ ਤੋਂ ੧੪੧੨. ਇਹ ਨੰਃ ੧੯. ਦਾ ਬੇਟਾ ਅਤੇ ਨੰਃ ੨੦. ਦਾ ਭਾਈ ਸੀ. ਤੈਮੂਰਸ਼ਾਹ ਇਸੇ ਦੇ ਰਾਜ ਸਮੇਂ ਭਾਰਤ ਵਿੱਚ ਆਇਆ. ਇਹ ਸਨ ੧੪੦੦ ਵਿੱਚ ਤਖਤੋਂ ਉਤਾਰਿਆ ਗਿਆ ਸੀ, ਪਰ ਫੇਰ ੧੪੦੫ ਵਿੱਚ ਇਸ ਨੇ ਬਾਦਸ਼ਾਹਤ ਲਈ. ਇਹ ਤੁਗ਼ਲਕ਼ ਵੰਸ਼ ਦਾ ਅੰਤਿਮ ਬਾਦਸ਼ਾਹ ਸੀ.#(ਲੋਦੀ³)#(੨੨) ਦੌਲਤਖ਼ਾਂ ਲੋਦੀ. ਸਨ ੧੪੧੨ ਤੋਂ ੧੪੧੪. ਇਸ ਨੇ ਮਹਮੂਦ ਤੁਗ਼ਲਕ਼ ਪਿੱਛੋਂ ਇੱਕ ਵਰ੍ਹਾ ਦਿੱਲੀ ਦੀ ਬਾਦਸ਼ਾਹਤ ਕੀਤੀ.#(ਸੈਯਦ)#(੨੩) ਖ਼ਿਜਰਖ਼ਾਨ ਸੈਯਦ. ਸਨ ੧੪੧੪ ਤੋਂ ੧੪੨੧. ਇਹ ਮਲ਼ਿਕ ਸੁਲੈਮਾਨ ਦਾ ਪੁਤ੍ਰ ਮੁਲਤਾਨ ਦਾ ਗਵਰਨਰ ਸੀ. ਇਸ ਨੇ ਦੌਲਤਖ਼ਾਂ ਤੋਂ ਦਿੱਲੀ ਦਾ ਤਖਤ ਖੋਹਿਆ.#(੨੪) ਮੁਬਾਰਿਕਸ਼ਾਹ ਸੈਯਦ. ਸਨ ੧੪੨੧ ਤੋਂ ੧੪੩੫. ਇਹ ਨੰਃ ੨੩ ਦਾ ਬੇਟਾ ਸੀ.#(੨੫) ਮੁਹ਼ੰਮਦਸ਼ਾਹ ਸੈਯਦ. ਸਨ ੧੪੩੫ ਤੋਂ ੧੪੪੫. ਇਹ ਫ਼ਰੀਦੁੱਦੀਨ ਦਾ ਬੇਟਾ, ਨੰਃ ੨੩ ਦਾ ਪੋਤਾ ਅਤੇ ਨੰਃ ੨੪ ਦਾ ਭਤੀਜਾ ਸੀ.#(੨੬) ਅਲਾਉੱਦੀਨ ਸੈਯਦ. ਸਨ ੧੪੪੫ ਤੋਂ ੧੪੫੦. ਇਹ ਸੈਯਦ ਕੁਲ ਦਾ ਅਖ਼ੀਰੀ ਬਾਦਸ਼ਾਹ ਸੀ.⁴#(ਲੋਦੀ)#(੨੭) ਬਹਲੋਲਖ਼ਾਂ ਲੋਦੀ. ਸਨ ੧੪੫੦ ਤੋਂ ੧੪੮੯. ਇਹ ਮਲਿਕ ਕਾਲਾ ਦਾ ਬੇਟਾ ਸੀ. ਇੱਕ ਵਾਰ ਜਦ ਨੰਃ ੨੬ ਬਦਾਉਂ ਵੱਲ ਰਾਜਪ੍ਰਬੰਧ ਕਰਨ ਗਿਆ, ਤਦ ਮੌਕਾ ਪਾਕੇ ਇਸ ਨੇ ਤਖਤ ਤੇ ਕਬਜਾ ਕਰ ਲੀਤਾ. ਕੁੱਝ ਚਿਰ ਤਾਂ ਇਸ ਨੇ ਅਲਾਉੱਦੀਨ ਨੂੰ ਨਾਉਂ ਮਾਤ੍ਰ ਬਾਦਸ਼ਾਹ ਮੰਨੀ ਰੱਖਿਆ. ਪਰ ਸਨ ੧੪੫੨ ਵਿੱਚ ਸ੍ਵਤੰਤ੍ਰ ਹੋ ਗਿਆ. ਜਗਤਗੁਰੂ ਨਾਨਕਦੇਵ ਇਸੇ ਦੀ ਅਮਲਦਾਰੀ ਵਿੱਚ ਪ੍ਰਗਟੇ ਸਨ.#(੨੮) ਸਿਕੰਦਰਸ਼ਾਹ ਲੋਦੀ. ਸਨ ੧੪੮੯ ਤੋਂ ੧੫੧੭. ਇਹ ਨੰਃ ੨੭ ਦਾ ਬੇਟਾ ਸੀ. ਇਸ ਦਾ ਪਹਿਲਾ ਨਾਉਂ ਨਿਜਾਮਖ਼ਾਨ ਸੀ. ਆਗਰੇ ਨੂੰ ਸਭ ਮੁਸਲਮਾਨ ਬਾਦਸ਼ਾਹਾਂ ਤੋਂ ਪਹਿਲਾਂ ਇਸੇ ਨੇ ਰਾਜਧਾਨੀ ਥਾਪਿਆ. ਇਸ ਨੇ ਮਜਹਬੀ ਜੋਸ਼ ਵਿੱਚ ਆਪਣਾ ਨਾਉਂ ਸੁਲਤਾਨ ਸਿਕੰਦਰ ਗ਼ਾਜ਼ੀ ਰੱਖਿਆ ਸੀ.#(੨੯) ਇਬਰਾਹੀਮ ਹੁਸੈਨ ਲੋਦੀ. ਸਨ ੧੫੧੭ ਤੋਂ ੧੫੨੬. ਇਹ ਨੰਃ ੨੮ ਦਾ ਬੇਟਾ ਅਤੇ ਅੰਤਿਮ ਲੋਦੀ ਕੁਲ ਦਾ ਪਠਾਣ ਬਾਦਸ਼ਾਹ ਸੀ. ਇਸ ਨੂੰ ਪਾਨੀਪਤ ਦੇ ਜੰਗ ਵਿੱਚ ਮਾਰਕੇ ਸਨ ੧੫੨੬ ਵਿੱਚ ਮੁਗਲ ਬਾਬਰ ਹਿੰਦੁਸਤਾਨ ਦਾ ਸ਼ਹਨਸ਼ਾਹ ਬਣਿਆ.#(ਮੁਗਲਵੰਸ਼)#(੩੦) ਜਹੀਰੁੱਦੀਨ ਮੁਹ਼ੰਮਦ ਬਾਬਰ. ਸਨ ੧੫੨੬- ੧੫੩੦. ਇਸ ਨੇ ਭਾਰਤ ਵਿੱਚ ਮੁਗਲਰਾਜ ਕਾਇਮ ਕੀਤਾ. ਦੇਖੋ, ਬਾਬਰ.#(੩੧) ਹੁਮਾਯੂੰ ਸ਼ਾਹ, ਸਨ ੧੫੩੦- ੧੫੫੬. ਇਹ ਨੰ. ੩੦ ਦਾ ਬੇਟਾ ਸੀ. ਇਸ ਨੂੰ ਸ਼ੇਰਸ਼ਾਹ ਸੂਰ ਪਠਾਣ ਨੇ ਜਿੱਤਕੇ ਸਨ ੧੫੪੦ ਵਿੱਚ ਦਿੱਲੀ ਦਾ ਤਖਤ ਸਾਂਭਿਆ. ਇਸ ਨੇ ਫੇਰ ਸਨ ੧੫੫੫ ਵਿੱਚ ਫਾਰਸ ਦੇ ਬਾਦਸ਼ਾਹ ਦੀ ਸਹਾਇਤਾ ਨਾਲ ਸੂਰਵੰਸ਼ ਤੋਂ ਹਿੰਦੁਸਤਾਨ ਦੀ ਬਾਦਸ਼ਾਹਤ ਖੋਹੀ, ਪਰ ਕੇਵਲ ਛੀ ਮਹੀਨੇ ਰਾਜ ਕਰਕੇ ਮਰ ਗਿਆ. ਦੇਖੋ, ਹੁਮਾਯੂੰ.#(ਸੂਰ⁵ ਵੰਸ਼)#(੩੨) ਸ਼ੇਰਸ਼ਾਹ ਸੂਰ. ਸਨ ੧੫੪੦ ਤੋਂ ੧੫੪੫. ਇਹ ਸੂਰਵੰਸ਼ੀ ਪਠਾਣ ਸਹਸਰਾਮ ਦੇ ਜਾਗੀਰਦਾਰ ਹਸਨਖ਼ਾਂ ਦਾ ਪੁਤ੍ਰ ਸੀ. ਇਸ ਦਾ ਪਹਿਲਾ ਨਾਉਂ ਫ਼ਰੀਦ ਸੀ. ਇਸ ਨੇ ਹਿੰਮਤ ਨਾਲ ਹੁਮਾਯੂੰ ਤੋਂ ਭਾਰਤ ਦਾ ਰਾਜ ਖੋਹਿਆ. ਦੇਖੋ, ਸ਼ੇਰਸ਼ਾਹ.#(੩੩) ਸਲੀਮ (ਇਸਲਾਮ) ਸ਼ਾਹ ਸੂਰ. ਸਨ ੧੫੪੫ ਤੋਂ ੧੫੫੩. ਇਹ ਨੰਃ ੩੨ ਦਾ ਛੋਟਾ ਬੇਟਾ ਸੀ. ਇਸ ਦਾ ਅਸਲ ਨਾਉਂ ਜਲਾਲਖ਼ਾਨ ਸੀ.#(੩੪) ਮੁਹੰਮਦਸ਼ਾਹ ਆਦਿਲ. ਸਨ ੧੫੫੪- ੧੫੫੫. ਇਹ ਸ਼ੇਰਸ਼ਾਹ ਦੇ ਭਾਈ ਨਜਾਮਖਾਂ ਦਾ ਪੁਤ੍ਰ ਸੀ. ਇਸ ਦਾ ਨਾਉਂ ਮੁਬਾਰਿਕਖ਼ਾਨ ਸੀ. ਇਸ ਨੇ ਸਲੀਮਸ਼ਾਹ ਦੇ ਪੁਤ੍ਰ ਫ਼ੀਰੋਜ਼ਖ਼ਾਨ ਨੂੰ ਮਾਰਕੇ ਤਖਤ ਸਾਂਭਿਆ, ਅਰ ਇਸ ਨੂੰ ਇਬਰਾਹੀਮਖ਼ਾਨ ਸੂਰ (ਮਹੰਮਦਸ਼ਾਹ ਦੇ ਭਣੋਈਏ) ਨੇ ਤਖਤ ਤੋਂ ਲਾਹ ਦਿੱਤਾ. ਇਬਰਾਹੀਮ ਭੀ ਥੋੜੇ ਅਰਸੇ ਵਿੱਚ ਸਿਕੰਦਰਸ਼ਾਹ ਸੂਰ ਤੋਂ ਹਾਰ ਖਾਕੇ ਤਖਤ ਛੱਡ ਗਿਆ. ਸਿਕੰਦਰਸ਼ਾਹ ਭੀ ਰਾਜ ਦਾ ਆਨੰਦ ਨਾ ਭੋਗ ਸਕਿਆ, ਕਿਉਂਕਿ ਹੁਮਾਯੂੰ ਨੇ ਇਸ ਤੋਂ ਦਿੱਲੀ ਦਾ ਤਖਤ ਸਾਂਭ ਲਿਆ ਅਰ ਸੂਰ ਵੰਸ਼ ਦੀ ਹਕੂਮਤ ਸਮਾਪਤ ਹੋ ਗਈ.#(ਮੁਗਲਵੰਸ਼)#(੩੫) ਜਲਾਲੁੱਦੀਨ ਮੁਹ਼ੰਮਦ ਅਕਬਰ. ਸਨ ੧੫੫੬ ਤੋਂ ੧੬੦੫. ਇਹ ਨੰਃ ੩੧ ਦਾ ਬੇਟਾ ਸੀ. ਮੁਗਲ ਬਾਦਸ਼ਾਹਾਂ ਵਿੱਚੋਂ ਇਹ ਸਭ ਤੋਂ ਉੱਤਮ ਹੋਇਆ ਹੈ. ਦੇਖੋ, ਅਕਬਰ.#(੩੬) ਨੂਰੁੱਦੀਨ ਮੁਹ਼ੰਮਦ ਜਹਾਂਗੀਰ. ਸਨ ੧੬੦੫ ਤੋਂ ੧੬੨੭. ਇਹ ਨੰਃ ੩੫ ਦਾ ਬੇਟਾ ਸੀ. ਦੇਖੋ, ਜਹਾਂਗੀਰ.#(੩੭) ਸ਼ਹਾਬੁੱਦੀਨ ਮੁਹ਼ੰਮਦ ਸ਼ਾਹਜਹਾਂ. ਸਨ ੧੬੨੭⁶ ਤੋਂ ੧੬੫੮. ਇਸ ਨੂੰ ਇਸ ਦੇ ਬੇਟੇ ਨੰਃ ੩੮ ਨੇ ਸਨ ੧੬੫੮ ਵਿੱਚ ਕੈਦ ਕਰਕੇ ਤਖਤ ਸਾਂਭਿਆ. ਸ਼ਾਹਜਹਾਂ ਦੀ ਮੌਤ ਸਨ ੧੬੬੬ ਵਿੱਚ ਹੋਈ ਹੈ. ਦੇਖੋ, ਸ਼ਾਹਜਹਾਂ.#(੩੮) ਮੁਹੀਯੁੱਦੀਨ ਮੁਹ਼ੰਮਦ ਔਰੰਗਜ਼ੇਬ ਆਲਮਗੀਰ. ਸਨ ੧੬੫੮ ਤੋਂ ੧੭੦੭. ਇਹ ਨੰਃ ੩੭ ਦਾ ਪੁਤ੍ਰ ਸੀ. ਦੇਖੋ, ਔਰੰਗਜ਼ੇਬ.#(੩੯) ਮੁਅ਼ੱਜਮ ਬਹਾਦੁਰਸ਼ਾਹ. ਸਨ ੧੭੦੭ ਤੋਂ ੧੭੧੨ ਇਹ ਨੰਃ ੩੮ ਦਾ ਪੁਤ੍ਰ ਸੀ. ਦੇਖੋ, ਬਹਾਦੁਰਸ਼ਾਹ.#(੪੦) ਜਹਾਂਦਾਰਸ਼ਾਹ. ਸਨ ੧੭੧੨ ਤੋਂ ੧੭੧੩. ਇਹ ਨੰਃ ੩੯ ਦਾ ਪੁਤ੍ਰ ਸੀ. ਦੇਖੋ, ਜਹਾਂਦਾਰਸ਼ਾਹ.#(੪੧) ਫ਼ਰਰੁਖ਼ਸਿਯਰ. ਸਨ ੧੭੧੩ ਤੋਂ ੧੭੧੯. ਇਹ ਅ਼ਜੀਮੁੱਸ਼ਾਨ ਦਾ ਪੁਤ੍ਰ ਅਤੇ ਨੰਃ ੩੯ ਦਾ ਪੋਤਾ ਸੀ. ਦੇਖੋ, ਫ਼ਰਰੁਖ਼ਸਿਯਰ.#(੪੨) ਮੁਹੰਮਦਸ਼ਾਹ. ਸਨ ੧੭੧੯ ਤੋਂ ੧੭੪੮. ਇਹ ਜਹਾਨਸ਼ਾਹ ਦਾ ਪੁਤ੍ਰ ਅਤੇ ਨੰਃ ੩੯ ਦਾ ਪੋਤਾ ਸੀ. ਇਸ ਦੇ ਰਾਜ ਵਿੱਚ ਅਨੇਕ ਸੂਬੇ ਸ੍ਵਤੰਤ੍ਰ ਹੋ ਗਏ. ਇਹ ਰਾਗ ਰੰਗ ਵਿੱਚ ਮਗਨ ਰਹਿਂਦਾ ਸੀ. ਇਸੇ ਕਾਰਣ ਇਸ ਦੀ ਉਪਾਧੀ "ਰੰਗੀਲਾ" ਸੀ. ਨਾਇਰਸ਼ਾਹ ਨੇ ਇਸੇ ਦੇ ਸਮੇਂ ਦਿੱਲੀ ਲੁੱਟੀ ਅਤੇ ਕਤਲਾਮ ਕੀਤੀ. ਦੇਖੋ, ਮੁਹੰਮਦਸ਼ਾਹ.#(੪੩) ਅਹ਼ਮਦਸ਼ਾਹ. ਸਨ ੧੭੪੮ ਤੋਂ ੧੭੫੪. ਇਹ ਨੰਃ ੪੨ ਦਾ ਬੇਟਾ ਸੀ. ਇਸ ਨੂੰ ਇਸ ਦੇ ਵਜ਼ੀਰ ਨੇ ਕੈਦ ਕਰਕੇ ਅੰਨ੍ਹਾ ਕਰ ਦਿੱਤਾ. ਦੇਖੋ, ਅਹ਼ਮਦਸ਼ਾਹ.#(੪੪) ਆਲਮਗੀਰ ੨. ਸਨ ੧੭੫੪ ਤੋਂ ੧੭੫੯. ਇਹ ਨੰਃ ੪੦ ਦਾ ਬੇਟਾ ਸੀ.#(੪੫) ਸ਼ਾਹਆਲਮ. ਸਨ ੧੭੬੦ ਤੋਂ ੧੮੦੬. ਇਹ ਨੰਃ ੪੪ ਦਾ ਬੇਟਾ ਸੀ. ਇਸ ਦੀ ਕਮਜ਼ੋਰੀ ਵੇਖਕੇ ਜਨਵਰੀ ਸਨ ੧੭੮੫ ਵਿੱਚ ਮਾਧਵਰਾਉ ਸੇਂਧੀਆ ਨੇ ਦਿੱਲੀ ਤੇ ਆ ਕਬਜਾ ਕੀਤਾ, ਅਰ ਨਾਮਮਾਤ੍ਰ ਸ਼ਾਹਆਲਮ ਨੂੰ ਬਾਦਸ਼ਾਹ ਰੱਖਕੇ ਮਨਭਾਉਂਦੀ ਹੁਕੂਮਤ ਕੀਤੀ. ਸਨ ੧੭੮੭ ਵਿੱਚ ਜ਼ਾਬਿਤਾਖ਼ਾਨ ਦੇ ਪੁਤ੍ਰ ਗ਼ੁਲਾਮਕ਼ਾਦਿਰ (ਸਹਾਰਨਪੁਰ ਅਤੇ ਮੇਰਟ ਦੇ ਜਾਗੀਰਦਾਰ) ਨੇ ਮਰਹਟਿਆਂ ਨੂੰ ਜਿੱਤਕੇ ਦਿੱਲੀ ਆ ਮੱਲੀ. ੧੦. ਅਗਸ੍ਤ ਸਨ ੧੭੮੮ ਵਿੱਚ ਗੁਲਾਮਕ਼ਾਦਿਰ ਨੇ ਖੰਜਰ ਨਾਲ ਸ਼ਾਹਆਲਮ ਦੀਆਂ ਅੱਖਾਂ ਕੱਢ ਦਿੱਤੀਆਂ. ੨੧. ਦਿਸੰਬਰ ਸਨ ੮੮ ਨੂੰ ਮਰਹਟਿਆਂ ਨਾਲ ਫੇਰ ਗੁਲਾਮਕਾਦਿਰ ਦਾ ਮੇਰਟ ਮੁਠਭੇੜ ਹੋਇਆ, ਅਰ ਜੰਗ ਤੋਂ ਨੱਠਾ ਜਾਂਦਾ ਫੜਕੇ ਲੋਹੇ ਦੇ ਪਿੰਜਰੇ ਪਾਇਆ ਗਿਆ, ਅਤੇ ਹੱਥ ਪੈਰ ਵੱਢਕੇ ਦਿੱਲੀ ਭੇਜਿਆ ਗਿਆ, ਪਰ ਰਾਹ ਵਿੱਚ ਹੀ ਮਰ ਗਿਆ.#ਇਸ ਪਿੱਛੋਂ ਸ਼ਾਹਆਲਮ ਫੇਰ ਮਰਹਟਿਆਂ ਦੇ ਵਸ਼ ਪੈਗਿਆ. ਅੰਤ ਨੂੰ ਅੰਗ੍ਰੇਜ਼ਾਂ ਨੇ ਇਸ ਨੂੰ ਕੈਦ ਤੋਂ ਛੁਡਾਕੇ ਗੁਜ਼ਾਰਾ ਮੁਕੱਰਰ ਕਰ ਦਿੱਤਾ ਅਤੇ ਨਾਉਂ ਮਾਤ੍ਰ ਨੂੰ ਬਾਦਸ਼ਾਹ ਥਾਪੀ ਰੱਖਿਆ.#(੪੬) ਅਕਬਰਸ਼ਾਹ ੨. ਇਹ ਨੰਃ ੪੫ ਦਾ ਬੇਟਾ ਸੀ. ਇਸ ਦੇ ਨਾਉਂ ਨਾਲ ਭੀ ਸਨ ੧੮੩੭ ਤੀਕ ਨਾਉਂਮਾਤ੍ਰ ਬਦਸ਼ਾਹ ਪਦਵੀ ਰਹੀ.#(੪੭) ਬਹਾਦੁਰਸ਼ਾਹ ੨. ਇਸ ਨੰਃ ੪੬ ਦਾ ਬੇਟਾ ਅਤੇ ਮੁਗਲਵੰਸ਼ ਦਾ ਅੰਤਿਮ ਬਾਦਸ਼ਾਹ ਸੀ, ਜੋ ਬਾਪ ਵਾਂਙ ਕਹਿਣਮਾਤ੍ਰ ਨੂੰ ਹਿੰਦੁਸਤਾਨ ਦਾ ਸ਼ਹਨਸ਼ਾਹ ਸੀ. ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵਿੱਚ ਅੰਗ੍ਰੇਜਾਂ ਨੇ ਇਸ ਨੂੰ ਬਾਗੀਆਂ ਦਾ ਮੁਖੀਆ ਸਮਝਕੇ ਦੇਸ਼ਨਿਕਾਲਾ ਦੇਕੇ ਰੰਗੂਨ ਭੇਜ ਦਿੱਤਾ, ਜਿੱਥੇ ਇਸ ਦੀ ਮੌਤ ਸਨ ੧੮੬੨ ਵਿੱਚ ਹੋਈ. ਦੇਖੋ, ਬਹਾਦੁਰਸ਼ਾਹ ੨.
ਸਰੋਤ: ਮਹਾਨਕੋਸ਼