ਪਰਿਭਾਸ਼ਾ
ਇਹ ਬੈਸਾਖੀਮੱਲ ਦਾ ਪੁਤ੍ਰ ਸਹਜਧਾਰੀ ਸਿੱਖ ਕੁਲੀਨ ਖਤ੍ਰੀ ਵਡਾ ਯੋਧਾ ਸੀ. ਪਹਿਲਾਂ ਸਾਹਿਬ ਸਿੰਘ ਗੁਜਰਾਤੀਏ ਪਾਸ ਫੌਜੀ ਅਫਸਰ ਸੀ, ਇਸ ਦੀ ਵੀਰਤਾ ਅਰ ਦਿਲੇਰੀ ਦੇਖਕੇ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੬੪ ਵਿੱਚ ਇਸ ਨੂੰ ਆਪਣੀ ਫੌਜ ਦਾ ਜਰਨੈਲ ਥਾਪਿਆ, ਮੁਹਕਮ ਚੰਦ ਨੇ ਬਹੁਤ ਜੰਗਾਂ ਵਿੱਚ ਫਤੇ ਹਾਸਿਲ ਕੀਤੀ ਅਰ ਮਹਾਰਾਜਾ ਤੋਂ ਜਲੰਧਰ ਅਤੇ ਫਲੌਰ ਜਾਗੀਰ ਅਰ "ਦੀਵਾਨ" ਪਦਵੀ ਪ੍ਰਾਪਤ ਕੀਤੀ. ੧੫. ਕੱਤਕ ਸੰਮਤ ੧੮੭੧ (ਸਨ ੧੮੧੪) ਨੂੰ ਇਸ ਰਾਜਭਗਤ ਵੀਰ ਦਾ ਫਲੌਰ ਦੇਹਾਂਤ ਹੋਇਆ. ਫਲੌਰ ਦਾ ਕਿਲਾ ਜੋ ਦਰਿਆ ਸਤਲੁਜ ਦੇ ਕਿਨਾਰੇ ਹੈ, ਮੁਹਕਮਚੰਦ ਦਾ ਬਣਾਇਆ ਹੋਇਆ ਹੈ. ਇਸ ਦੀ ਔਲਾਦ ਹੁਣ ਕੁੰਜਾਹ (ਜਿਲਾ ਗੁਜਰਾਤ) ਵਿੱਚ ਰਹਿਂਦੀ ਹੈ. ਇਸ ਦਾ ਪੁਤ੍ਰ ਮੋਤੀਰਾਮ ਭੀ ਲਹੌਰ ਦਰਬਾਰ ਦਾ ਆਲਾ ਅਹਿਲਕਾਰ ਰਿਹਾ. ਦੇਖੋ, ਮੋਤੀਰਾਮ.
ਸਰੋਤ: ਮਹਾਨਕੋਸ਼