ਮੁੰਡਨ
mundana/mundana

ਪਰਿਭਾਸ਼ਾ

ਸੰ. ਸੰਗ੍ਯਾ- ਮੁੰਨਣ (ਹਜਾਮਤ) ਦੀ ਕ੍ਰਿਯਾ. ਮੁੰਨਣਾ. ਪੁਰਾਣੇ ਸਮੇਂ ਸਭ ਲੋਕ ਕੇਸ ਰਖਦੇ ਸਨ ਅਤੇ ਕੇਸਾਂ ਦਾ ਕੱਟਣਾ ਵਡਾ ਪਾਪ ਸੀ. ਦੇਖੋ, ਅਥਰਵ ਵੇਦ ਅਃ ੬, ਮੰਤ੍ਰ ੩੦ ਅਤੇ ੧੩੬. ਯਮਸਿਮ੍ਰਿਤਿ ਸ਼ਃ ੫੩ ਤੋਂ ੫੮ ਆਪਸਤੰਬ ਸਿਮ੍ਰਿਤ ਅਃ ੧, ਸ਼ਃ ੩੨- ੩੩. ਪਾਰਾਸ਼ਰ ਸਿਮ੍ਰਿਤਿ ਅਃ ੯. ਸ਼ਃ ੫੨ ਤੋਂ ੫੪, ਤਥਾ ਅਃ ੧੦. ਸ਼ਃ ੧੨.#ਬਾਈਬਲ ਵਿੱਚ ਭੀ ਇਸ ਵਿਸੇ ਪੁਰ ਇੱਕ ਅਨੋਖਾ ਪ੍ਰਸੰਗ ਹੈ ਕਿ ਜ਼ੋਰਹ (Zorah) ਦਾ ਨਿਵਾਸੀ ਸੈਮਸਨ (Samson) ਵਡਾ ਬਲਵਾਨ ਸੀ, ਜਿਸ ਨੇ ਬਿਨਾ ਸ਼ਸਤ੍ਰ ਸ਼ੇਰ ਨੂੰ ਮਾਰਿਆ ਅਰ ੧੦੦੦ ਆਦਮੀ ਖੋਤੇ ਦੀ ਹੱਡੀ ਨਾਲ ਹੀ ਕਤਲ ਕਰਦਿੱਤੇ. ਇੱਕ ਵਾਰ ਵੈਰੀਆਂ ਨੇ ਸੰਗਲਾਂ ਨਾਲ ਜਕੜਕੇ ਇਸ ਨੂੰ ਮਕਾਨ ਵਿੱਚ ਬੰਦ ਕਰ ਦਿੱਤਾ, ਪਰ ਸੈਮਸਨ ਸਾਰੇ ਬੰਧਨ ਤੋੜ ਅਤੇ ਬੂਹੇ ਭੰਨਕੇ ਬਾਹਰ ਆਗਿਆ. ਫਿਰ ਇਸ ਦਾ ਪ੍ਰੇਮ ਇੱਕ ਇਸਤ੍ਰੀ ਦੇਲਿਲਾ (Delilah) ਨਾਲ ਹੋਗਿਆ. ਲੋਕਾਂ ਨੇ ਦੇਲਿਲਾ ਨੂੰ ਬਹੁਤ ਲਾਲਚ ਦੇਕੇ ਆਖਿਆ ਕਿ ਤੂੰ ਸੈਮਸਨ ਨੂੰ ਪੁੱਛ ਕਿ ਉਸ ਵਿੱਚ ਇਤਨਾ ਬਲ ਕਿਉਂ ਹੈ. ਇਸਤ੍ਰੀ ਦੇ ਪ੍ਰੇਮ ਵਿੱਚ ਆਕੇ ਸੈਮਸਨ ਨੇ ਦੱਸ ਦਿੱਤਾ ਕਿ ਮੇਰਾ ਸਿਰ ਨਹੀਂ ਮੁੰਨਿਆ ਗਿਆ, ਕੇਸਾਂ ਦੇ ਕਾਰਣ ਮੇਰੇ ਵਿੱਚ ਇਹ ਤਾਕਤ ਹੈ. ਵੈਰੀਆਂ ਨੇ ਦੇਲਿਲਾ ਨੂੰ ਸਿਖਾਕੇ ਸੁੱਤੇ ਪਏ ਸੈਮਸਨ ਦੇ ਕੇਸ਼ ਕਟਵਾ ਦਿੱਤੇ ਅਰ ਸਵੇਰੇ ਆਕੇ ਚਾਰੇ ਪਾਸਿਓਂ ਘੇਰ ਕੇ ਜਕੜ ਲਿਆ. ਸੈਮਸਨ ਨੇ ਛੁਟਕਾਰੇ ਲਈ ਬਹੁਤ ਜੋਰ ਮਾਰਿਆ, ਪਰ ਕੁਝ ਨਾ ਕਰ ਸਕਿਆ, ਅੰਤ ਨੂੰ ਵੈਰੀਆਂ ਨੇ ਇਸ ਦੀਆਂ ਅੱਖਾਂ ਕੱਢਕੇ ਜੇਲ ਵਿੱਚ ਪਾਦਿੱਤਾ. ਦੇਖੋ, Judges ਕਾਂਡ ੧੩. ਤੋਂ ੧੬.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُنڈن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

tonsure
ਸਰੋਤ: ਪੰਜਾਬੀ ਸ਼ਬਦਕੋਸ਼