ਮੁੰਦਾਵਣੀ
munthaavanee/mundhāvanī

ਪਰਿਭਾਸ਼ਾ

ਮੁਦ੍ਰਣ (ਮੁਹਰਛਾਪ ਲਾਉਣ) ਦੀ ਕ੍ਰਿਯਾ. ਮੁੰਦਣਾ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁੰਦਾਵਣੀ ਸ਼ਬਦ ਦੋ ਥਾਂਈਂ ਆਇਆ ਹੈ.#ਭਾਰਤ ਵਿੱਚ ਰੀਤਿ ਹੈ ਕਿ ਮਹਾਰਾਜਿਆਂ ਦੇ ਖਾਨ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ, ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾਕੇ ਦੇਗਚੇ ਆਦਿ ਬਰਤਨਾਂ ਪੁਰ ਮੁਹਰ ਲਾਦਿੰਦਾ ਹੈ, ਤਾਕਿ ਕੋਈ ਅਸ਼ੁਭਚਿੰਤਕ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ. ਫੇਰ ਜਦ ਥਾਲ ਪਰੋਸਦਾ ਹੈ ਤਦ ਕੀ ਥਾਲ ਪੁਰ ਸਰਪਸ਼ ਦੇਕੇ ਮੁਹਰ ਲਾ ਦਿੰਦਾ ਹੈ, ਅਰ ਉਹ ਮੁਹਰ ਜਿੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ. ਇਸ ਉੱਪਰਲੇ ਭਾਵ ਨੂੰ ਲੈਕੇ ਇਹ ਵਾਕ ਹੈ- "ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾਂ ਲਧੀ ਭਾਲਿ." (ਮਃ ੩. ਵਾਰ ਸੋਰ) ਭਾਵ ਇਹ ਹੈ ਕਿ ਗੁਰਉਪਦੇਸ਼ ਸਿੱਖਾਂ ਦੇ ਮਨ ਦ੍ਰਿੜ੍ਹ ਕਰਾਕੇ ਸਤਿਗੁਰੂ ਨੇ ਸਿੱਖ ਮਰਯਾਦਾ ਦੀ ਮੁਹਰਛਾਪ ਲਾ ਦਿੱਤੀ ਹੈ, ਤਾਕਿ ਨਿਯਮਾਂ ਵਿੱਚ ਗੜਬੜ ਨਾ ਹੋਵੇ.#ਦੂਜਾ "ਮੁੰਦਾਵਣੀ ਮਃ ੫" ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ. ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ। ੨. ਬੁਝਾਰਤ. ਅਦ੍ਰਿਸਟਕੂਟ.
ਸਰੋਤ: ਮਹਾਨਕੋਸ਼