ਪਰਿਭਾਸ਼ਾ
ਪਟਨਾ ਨਿਵਾਸੀ ਫਤੇ ਚੰਦ ਮੈਨੀ (ਗੋਤ੍ਰ ਦਾ) ਖਤ੍ਰੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਲੀਲ੍ਹਾ ਕਰਦੇ ਫਤੇਚੰਦ ਦੇ ਘਰ ਜਾਇਆ ਕਰਦੇ ਸਨ. ਇਸ ਦੀ ਧਰਮਾਤਮਾ ਇਸਤ੍ਰੀ ਗੁਰੂ ਸਾਹਿਬ ਨੂੰ ਪੂਰੀ, ਦੁੱਧ, ਤਲੇ ਹੋਏ ਚਣੇ ਅਰਪਿਆ ਕਰਦੀ, ਫਤੇਚੰਦ ਦੇ ਘਰ ਜੋ ਸੰਗਤਿ (ਸਿੱਖ ਸਮਾਜ) ਦੇ ਇਕੱਠੇ ਹੋਣ ਦਾ ਅਸਥਾਨ ਸੀ, ਉਹ "ਮੈਨੀਸੰਗਤਿ" ਨਾਮ ਤੋਂ ਪ੍ਰਸਿੱਧ ਹੋਇਆ. ਹੁਣ ਭੀ ਇਸ ਥਾਂ ਚਣੇ ਅਤੇ ਪੂਰੀ ਪ੍ਰਸਾਦ ਵਰਤਿਆ ਕਰਦਾ ਹੈ. ਇਹ ਥਾਂ ਹਰਿਮੰਦਿਰ (ਜਨਮ ਅਸਥਾਨ) ਤੋਂ ਬਹੁਤ ਦੂਰ ਨਹੀਂ ਹੈ. ਗੁਰੂ ਸਾਹਿਬ ਦੇ ਜੋੜੇ ਅਤੇ ਉਸੇ ਸਮੇਂ ਦਾ ਕਰੌਂਦੇ ਦਾ ਬੂਟਾ ਇੱਥੇ ਦੇਖੀਦਾ ਹੈ. ਇਸ ਗੁਰਦ੍ਵਾਰੇ ਦਾ ਨਾਮ ਛੋਟੀ ਸੰਗਤਿ ਭੀ ਹੈ. ਪੁਜਾਰੀ ਨਿਰਮਲ ਸਿੰਘ ਹਨ.
ਸਰੋਤ: ਮਹਾਨਕੋਸ਼