ਮੋਰਧਵਜ
morathhavaja/moradhhavaja

ਪਰਿਭਾਸ਼ਾ

ਸੰ. ਮਯੂਰਧ੍ਵਜ. ਜਿਸ ਦੇ ਝੰਡੇ ਤੇ ਮੋਰ ਦਾ ਨਿਸ਼ਾਨ ਹੈ. ਸ਼ਿਵ ਦਾ ਪੁਤ੍ਰ ਕਾਰਤਿਕੇਯ. ਖਡਾਨਨ। ੨. ਰਤਨਪੁਰ ਦਾ ਇੱਕ ਧਰਮਾਤਮਾ ਸਤ੍ਯਵਾਦੀ ਰਾਜਾ, ਜਿਸ ਨੇ ਅਸ਼੍ਵਮੇਧ ਯਗ੍ਯ ਕਰਨ ਲਈ ਆਪਣੇ ਪੁਤ੍ਰ ਤਾਮ੍ਰਧਜ ਦੀ ਨਿਗਰਾਨੀ ਵਿੱਚ ਘੋੜਾ ਛੱਡਿਆ. ਉਸੇ ਸਮੇਂ ਰਾਜਾ ਯੁਧਿਸ੍ਟਿਰ ਨੇ ਭੀ ਅਸ਼੍ਵਮੇਧ ਦਾ ਘੋੜਾ ਅਰਜੁਨ ਅਤੇ ਕ੍ਰਿਸਨ ਜੀ ਦੀ ਨਿਗਰਾਨੀ ਵਿੱਚ ਛੱਡਿਆ. ਜਦ ਦੋਹਾਂ ਦਲਾਂ ਦਾ ਟਾਕਰਾ ਹੋਇਆ, ਤਾਂ ਤਾਮ੍ਰਧ੍ਵਜ ਨੇ ਅਰਜੁਨ ਅਤੇ ਕ੍ਰਿਸਨ ਜੀ ਨੂੰ ਮੂਰਛਿਤ ਕਰਕੇ ਅਰ ਸਾਰੀ ਪਾਂਡਵਸੈਨਾ ਨੂੰ ਜਿੱਤਕੇ ਦੋਵੇਂ ਘੋੜੇ ਪਿਤਾ ਪਾਸ ਲੈਆਂਦੇ.#ਹੋਸ਼ ਆਉਣ ਤੇ ਕ੍ਰਿਸਨ ਜੀ ਨੇ ਬ੍ਰਾਹਮਣ ਦਾ ਰੂਪ ਧਾਰਿਆ ਅਤੇ ਅਰਜੁਨ ਨੂੰ ਆਪਣਾ ਚੇਲਾ ਬਣਾਇਆ. ਦੋਹਾਂ ਨੇ ਰਾਜਾ ਮਯੂਰਧ੍ਵਜ ਨੂੰ ਜਾਕੇ ਆਸ਼ੀਰਵਾਦ ਦਿੱਤਾ. ਰਾਜੇ ਨੇ ਆਉਣ ਦਾ ਕਾਰਣ ਪੁੱਛਿਆ ਤਾਂ ਬ੍ਰਾਹਮਣ ਨੇ ਆਖਿਆ ਕਿ ਇੱਕ ਕਾਲ ਰੂਪ ਸਿੰਹ ਮੇਰੇ ਪੁਤ੍ਰ ਨੂੰ ਲੈਕੇ ਚਲਾ ਗਿਆ ਹੈ, ਤੇ ਤੂੰ ਅਪਣਾ ਅੱਧਾ ਸ਼ਰੀਰ ਮੈਨੂੰ ਦੇਵੇਂ, ਤਾਂ ਮੇਰਾ ਬੇਟਾ ਮੁੜ ਸਕਦਾ ਹੈ. ਇਸ ਪੁਰ ਮੋਰਧੁਜ ਆਪਣਾ ਅੱਧਾ ਸ਼ਰੀਰ ਚਿਰਵਾਉਣ ਨੂੰ ਤਿਆਰ ਹੋ ਗਿਆ. ਰਾਜੇ ਦੀ ਆਗ੍ਯਾ ਨਾਲ ਉਸ ਦੀ ਰਾਣੀ ਕੁਮੁਦਵਤੀ ਅਤੇ ਪੁਤ੍ਰ ਤਾਮ੍ਰਧ੍ਵਜ ਆਰਾ ਫੜਕੇ ਰਾਜੇ ਨੂੰ ਚੀਰਣ ਲੱਗੇ, ਇਸ ਪੁਰ ਕ੍ਰਿਸਨ ਜੀ ਨੇ ਪ੍ਰਸੰਨ ਹੋਕੇ ਆਪਣਾ ਅਸਲੀ ਰੂਪ ਵਿਖਾਇਆ ਅਤੇ ਰਾਜੇ ਨੂੰ ਛਾਤੀ ਨਾਲ ਲਾਕੇ ਅਸ਼੍ਵਮੇਧ ਯਗ੍ਯ ਪੂਰਾ ਕਰਨ ਦੀ ਆਗ੍ਯਾ ਦਿੱਤੀ. "ਮੋਰਧ੍ਵਜ ਭਗਤੀ ਮਤਿ ਭੀਨੀ." (ਨਾਪ੍ਰ)
ਸਰੋਤ: ਮਹਾਨਕੋਸ਼