ਵ੍ਰਤ
vrata/vrata

ਪਰਿਭਾਸ਼ਾ

ਸੰਗ੍ਯਾ- ਨੇਮ (ਨਿਯਮ). ਪ੍ਰਤਿਗ੍ਯਾ. ਪ੍ਰਣ। ੨. ਆਗ੍ਯਾ. ਹੁਕਮ। ੩. ਧਰਮ ਦੀ ਰੀਤਿ। ੪. ਉਪਵਾਸ. ਭੋਜਨ ਦਾ ਖਾਸ ਸਮੇਂ ਲਈ ਤਿਆਗ. ਇਸ ਦਾ ਨਾਮ ਵ੍ਰਤ ਇਸ ਲਈ ਹੋ ਗਿਆ ਹੈ ਕਿ ਵ੍ਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ ਅੰਗੀਕਾਰ. ਨਹੀਂ ਕਰਾਂਗਾ.#ਹਿੰਦੂਮਤ ਦੇ ਵ੍ਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਤਿਥੀ ਅਰ ਮਹੀਨਾ ਐਸਾ ਨਹੀਂ, ਜਿਸ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਵ੍ਰਤ ਨਾ ਵਿਧਾਨ ਹੋਵੇ. ਬਹੁਤ ਪ੍ਰਸਿੱਧ ਏਕਾਦਸ਼ੀ ਆਦਿਕ ਵ੍ਰਤ ਹਨ. ਹੋਰ ਮਤਾਂ ਵਿੱਚ ਭੀ ਵ੍ਰਤ ਦੀ ਮਹਿਮਾ ਪਾਈ ਜਾਂਦੀ ਹੈ. ਬਾਈਬਲ ਅਰ ਕ਼ੁਰਾਨ ਵਿੱਚ ਭੀ ਅਨੇਕ ਪ੍ਰਕਾਰ ਦੇ ਵ੍ਰਤ ਲਿਖੇ ਹਨ. ਪਰ ਬਹੁਤ ਕਰਕੇ ਯਹੂਦੀਆਂ ਦੇ ੪੦ ਅਤੇ ਮੁਸਲਮਾਨਾਂ ਦੇ ੩੦ ਰੋਜ਼ੇ ਹੀ ਪ੍ਰਧਾਨ ਵ੍ਰਤ ਮੰਨੇ ਜਾਂਦੇ ਹਨ. ਇਨ੍ਹਾਂ ਵ੍ਰਤਾਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ.#ਗੁਰਮਤ ਵਿੱਚ ਐਸੇ ਵ੍ਰਤਜ਼ ਦਾ ਤਿਆਗ ਅਰ ਸਤ੍ਯ ਨਿਯਮਾਂ ਦਾ ਧਾਰਣ ਰੂਪ ਵ੍ਰਤ ਵਿਧਾਨ ਹੈ. "ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ॥" (ਮਃ ੧. ਵਾਰ ਸਾਰ) "ਅੰਨੁ ਨ ਖਹਿ ਦੇਹੀ ਦੁਖ ਦੀਜੈ। ਬਿਨੁ ਗੁਰਗਿਆਨ ਤ੍ਰਿਪਤਿ ਨਹੀ ਬੀਜੈ ॥" (ਰਾਮ ਅਃ ਮਃ ੧)#ਮੇਦੇ ਦੇ ਦੋਸ ਦੂਰ ਕਰਨ ਲਈ ਕੀਤਾ ਵ੍ਰਤ (ਉਪਵਾਸ), ਸਿੱਖਮਤ ਵਿੱਚ ਵਰਜਿਤ ਨਹੀਂ, ਅਰ ਅਲਪਅਹਾਰ ਰੂਪ ਵ੍ਰਤ ਨਿਤ੍ਯ ਲਈ ਵਿਧਾਨ ਹੈ.#"ਓਨੀ ਦੁਨੀਆ ਤੋੜੇ ਬੰਧਨਾ#ਅੰਨ ਪਾਣੀ ਥੋੜਾ ਖਾਇਆ." (ਵਾਰ ਆਸਾ)#"ਅਲਪ ਅਹਾਰ ਸੁਲਪ ਸੀ ਨਿੰਦ੍ਰਾ,#ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦)#"ਹਁਉ ਤਿਸੁ ਘੋਲਘੁਮਾਇਆ,#ਥੋੜਾ ਸਵੇਂ ਥੋੜੇ ਹੀ ਖਾਵੈ." (ਭਾਗੁ)#"ਹਮਰੇ ਗੁਰੁ ਕੇ ਸਿਖ ਹੈਂ ਜੇਈ।#ਅਲਪ ਅਹਾਰ ਵ੍ਰਤੀ ਨਿਤ ਸੇਈ।#ਕਾਮ ਕ੍ਰੋਧ ਕੋ ਸੰਯਮ ਸਦਾ।#ਪ੍ਰਭੁ ਸਿਮਰਨ ਮੇ ਲਗਾ੍ਯੋ ਰਿਦਾ."(ਗੁਪ੍ਰਸੂ)
ਸਰੋਤ: ਮਹਾਨਕੋਸ਼