ਪਰਿਭਾਸ਼ਾ
(वृहस्पति). ਵ੍ਰਿਹਸ੍ਪਤਿ, ਜੋ ਵਾਣੀ ਦਾ ਪਤਿ ਹੈ. ਜਿਸ ਦੀ ਭਾਸਾ ਪੁਰ ਹੁਕੂਮਤ ਹੈ। ੨. ਦੇਵਤਿਆਂ ਦਾ ਗੁਰੂ. ਰਿਗਵੇਦ ਵਿੱਚ ਬ੍ਰਿਹਸਪਤਿ ਉਹ ਦੇਵਤਾ ਹੈ, ਜੋ ਲੋਕਾਂ ਦੀਆਂ ਆਹੁਤੀਆਂ ਦੇਵਤਿਆਂ ਨੂੰ ਪੁਚਾਉਂਦਾ ਅਤੇ ਰਖ੍ਯਾ ਕਰਦਾ ਹੈ. ਇਸੇ ਲਈ ਇਹ ਦੇਵਤਿਆਂ ਦਾ ਪੁਰੋਹਿਤ ਮੰਨਿਆ ਗਿਆ ਹੈ. ਇੱਕ ਥਾਂ ਇਸ ਨੂੰ ਦੇਵਤਿਆਂ ਦਾ ਪਿਤਾ ਭੀ ਵਰਣਨ ਕੀਤਾ ਹੈ. ਪੌਰਾਣਿਕ ਸਮੇਂ ਇਸ ਨੂੰ ਇੱਕ ਰਿਖੀ ਸਮਝਣ ਲੱਗ ਪਏ ਅਤੇ ਇਹ ਨਾਮ ਬ੍ਰਿਹਸਪਤਿ ਤਾਰੇ ਦਾ ਭੀ ਕਲਪਿਆ ਗਿਆ. ਇਸ ਹਾਲਤ ਵਿੱਚ ਇਸ ਦੇ ਰਥ ਦਾ ਨਾਮ "ਨੀਤਿਘੋਸ" ਹੈ, ਜਿਸ ਨੂੰ ਅੱਠ ਪੀਲੇ ਰੰਗ ਦੇ ਘੋੜੇ ਖਿਚਦੇ ਹਨ.#ਇਹ ਅੰਗਿਰਸ ਰਿਸੀ ਦਾ ਪੁਤ੍ਰ ਹੈ ਅਤੇ ਪਿਤਾ ਦੇ ਨਾਮ ਤੋਂ ਇਸ ਨੂੰ ਆਂਗਿਰਸ ਭੀ ਕਹਿਂਦੇ ਹਨ. ਇੱਕ ਵਾਰ ਇਸ ਦੀ ਇਸਤ੍ਰੀ ਤਾਰਾ ਨੂੰ ਚੰਦ੍ਰਮਾ ਉਧਾਲ ਲੈਗਿਆ ਅਤੇ ਇਸ ਕਾਰਣ ਇੱਕ ਯੁੱਧ ਹੋਇਆ, ਜਿਸ ਦਾ ਨਾਮ "ਤਾਰਕਾਮਯ" ਹੈ. ਸ਼ੁਕ੍ਰ, ਰੁਦ੍ਰ ਅਤੇ ਹੋਰ ਸਭ ਦੈਤਾਂ ਦੇ ਦਾਨਵਾਂ ਦੇ ਚੰਦ੍ਰਮਾ ਦੀ ਸਹਾਇਤਾ ਕੀਤੀ, ਇੰਦ੍ਰ ਅਤੇ ਹੋਰ ਦੇਵਤੇ ਬ੍ਰਿਹਸਪਤਿ ਵੱਲ ਹੋਏ. ਅਜਿਹਾ ਘੋਰ ਜੁੱਧ ਮੱਚਿਆ ਕਿ ਸਾਰੀ ਪ੍ਰਿਥਿਵੀ ਹਿੱਲਣ ਲੱਗ ਪਈ. ਪ੍ਰਿਥਿਵੀ ਨੇ ਵ੍ਯਾਕੁਲ ਹੋਕੇ ਬ੍ਰਹਮਾ ਕੋਲ ਪੁਕਾਰ ਕੀਤੀ, ਤਦ ਬ੍ਰਹਮਾ ਨੇ ਤਾਰਾ ਮੁੜ ਬ੍ਰਿਹਸਪਤਿ ਨੂੰ ਦਿਵਾਈ, ਤਾਰਾ ਤੋਂ ਇੱਕ ਲੜਕਾ ਜੰਮ ਚੁੱਕਾ ਸੀ, ਜਿਸ ਦੇ ਸੋਮ ਅਤੇ ਬ੍ਰਿਹਸਪਤਿ ਦੋਵੇਂ ਦਾਵੇਦਾਰ ਬਣ ਬੈਠੇ, ਬ੍ਰਹਮਾ ਨੇ ਤਾਰਾ ਨੂੰ ਪੁੱਛਿਆ ਕਿ ਸੱਚ ਦਸ, ਇਹ ਕਿਸ ਦਾ ਪੁਤ੍ਰ ਹੈ. ਤਾਂ ਉਸ ਨੇ ਆਖਿਆ ਕਿ ਇਹ ਸੋਮ ਦਾ ਪੁਤ੍ਰ ਹੈ, ਤਾਂ ਉਸ ਲੜਕੇ ਦਾ ਨਾਮ ਬੁਧ ਰੱਖਿਆ ਅਰ ਚੰਦ੍ਰਮਾ ਨੂੰ ਦਿਵਾਇਆ ਗਿਆ.#ਭਾਗਵਤ ਅਤੇ ਮਤਸ੍ਯ ਪੁਰਾਣ ਵਿੱਚ ਇੱਕ ਨਿਰਾਲੀ ਕਥਾ ਹੈ ਕਿ ਦੇਵਤਿਆਂ ਨੇ ਬ੍ਰਿਹਸਪਤਿ ਦੀ ਸਹਾਇਤਾ ਨਾਲ ਸਮੁੰਦਰ ਰਿੜਾਕਿਆ ਸੀ. ਬ੍ਰਿਹਸਪਤਿ ਭਾਰਦ੍ਵਾਜ ਦਾ ਭੀ ਪਿਤਾ ਸੀ, ਜੇਹੜਾ ਕਿ ਉਤਥ੍ਯ ਦੀ ਇਸਤ੍ਰੀ ਮਮਤਾ ਦੇ ਉਦਰ ਤੋਂ ਹੋਇਆ ਸੀ, ਅਤੇ ਇਸ ਨੂੰ ਦ੍ਵਾਪੁਰ ਯੁਗ ਦਾ ਵ੍ਯਾਸ ਕਰਕੇ ਭੀ ਮੰਨਦੇ ਹਨ। ੩. ਬ੍ਰਿਹਸਪਤਿ ਵਾਰ, ਵੀਰਵਾਰ. "ਬ੍ਰਿਹਸਪਤਿ ਬਿਖਿਆ ਦੇਇ ਬਹਾਇ." (ਗਉ ਕਬੀਰ ਵਾਰ ੭) ੪. ਵ੍ਰਿਹਸਪਤਿ ਨਾਮ ਦਾ ਨਕ੍ਸ਼੍ਤ੍ਰ (ਤਾਰਾ). Jupiter.
ਸਰੋਤ: ਮਹਾਨਕੋਸ਼