ਸਤਦ੍ਰਵ
satathrava/satadhrava

ਪਰਿਭਾਸ਼ਾ

ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ. ਸ਼ਤਦ੍ਰੁ. ਸਤਲੁਜ. ਪੁਰਾਣਕਥਾ ਹੈ ਕਿ ਵਸਿਸ੍ਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿੱਚ ਡੁੱਬਕੇ ਮਰਨ ਲੱਗਾ ਸੀ. ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋ ਬਚਾ ਲੀਤਾ. ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਦੇ ਪਾਸ ਦੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ ਆਨੰਦਪੁਰ ਰੋਪੜ ਫਿਰੋਜਪੁਰ ਆਦਿਕ ਥਾਈਂ ੯੦੦ ਮੀਲ ਵਹਿੰਦਾ ਹੋਇਆ ਮੁਜੱਫਰਗੜ੍ਹ ਜਿਲੇ ਵਿੱਚ ਸਿੰਧ ਨਾਲ ਜਾ ਮਿਲਦਾ ਹੈ. "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ)#ਮਹਾਰਾਜ ਰਣਜੀਤ ਸਿੰਘ ਅਤੇ ਅੰਗ੍ਰੇਜਾਂ ਦੇ ਰਾਜ ਦੀ ਹੱਦ ਸਤਲੁਜ ਸੀ. ਸਨ ੧੮੮੨ ਵਿੱਚ ਇਸ ਦਰਿਆ ਤੋਂ ਲਾਰਡ ਰਿਪਨ ਦੀ ਅਮਲਦਾਰੀ ਵਿੱਚ ਰੋਪੜ ਦੇ ਮੁਕਾਮੋਂ ਭਾਰੀ ਨਹਿਰ ਖੋਲ੍ਹੀ ਗਈ ਹੈ, ਜੋ ਮਾਲਵੇ ਨੂੰ ਸੈਰਾਬ ਕਰਦੀ ਹੈ. ਇਸ ਨਹਿਰ ਤੇ ਦੋ ਕ੍ਰੋੜ ਅੱਠਤਰ ਲੱਖ ਰੁਪਯਾ ਅੰਗ੍ਰੇਜੀ ਸਰਕਾਰ ਦਾ ਅਤੇ ਇੱਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖਰਚ ਹੋਇਆ ਹੈ.
ਸਰੋਤ: ਮਹਾਨਕੋਸ਼