ਸਤਨਾਮੀ
satanaamee/satanāmī

ਪਰਿਭਾਸ਼ਾ

ਵਿ- ਸਤ੍ਯਨਾਮ ਦਾ ਉਪਾਸਕ। ੨. ਸੰਗ੍ਯਾ- ਇੱਕ ਹਿੰਦੂਮਤ ਦਾ ਫਿਰਕਾ, ਜੋ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆਕੇ ਜਗਜੀਵਨ ਦਾਸ ਦੀ ਪ੍ਰਧਾਨਗੀ ਵਿੱਚ ਮੁਗਲ ਰਾਜ ਦੇ ਵਿਰੁੱਧ ਹੋ ਗਿਆ ਸੀ. ਸਤਨਾਮੀਆਂ ਨੇ ਨਾਰਨੌਲ ਤੇ, (ਜੋ ਹੁਣ ਰਿਆਸਤ ਪਟਿਆਲੇ ਦੀ ਇੱਕ ਨਜ਼ਾਮਤ ੭੫ ਮੀਲ ਦਿੱਲੀ ਤੋਂ ਦੱਖਣ ਪੱਛਮ ਹੈ), ਕਬਜਾ ਕਰਕੇ ਸ਼ਾਹੀ ਫੌਜ ਨੂੰ ਹਾਰ ਦਿੱਤੀ ਸੀ. ਔਰੰਗਜ਼ੇਬ ਦੇ ਜਰਨੈਲ ਰਅ਼ਦ ਅੰਦਾਜ਼ ਖ਼ਾਨ ਨੇ ੧੫. ਮਾਰਚ ਸਨ ੧੬੭੨ ਨੂੰ ਸਤਨਾਮੀਆਂ ਨੂੰ ਫਤੇ ਕੀਤਾ. ਲੋਕਾਂ ਵਿੱਚ ਇਹ ਚਰਚਾ ਫੈਲ ਗਈ ਸੀ ਕਿ ਸਤਨਾਮੀਆਂ ਪਾਸ ਅਜੇਹਾ ਜਾਦੂ ਹੈ ਕਿ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ, ਇਸ ਲਈ ਔਰੰਗਜ਼ੇਬ ਨੇ ਆਪਣੇ ਹੱਥੀਂ. ਕੁਰਾਨ ਦੀਆਂ ਆਯਤਾਂ ਲਿਖਕੇ ਦਿੱਤੀਆਂ ਸਨ ਕਿ ਇਨ੍ਹਾਂ ਨੂੰ ਝੰਡੇ ਤੇ ਬੰਨਣ ਤੋਂ ਸਤਨਾਮੀਆਂ ਦਾ ਜਾਦੂ ਨਹੀਂ ਚਲ ਸਕੇਗਾ.#ਗੰਗਾਰਾਮ ਦਾ ਪੁਤ੍ਰ ਜਗਜੀਵਨ ਦਾਸ ਚੰਦੇਲ ਰਾਜਪੂਤ ਸੀ. ਇਸ ਦਾ ਜਨਮ ਬਾਰਾਬੰਕੀ ਜਿਲੇ ਦੇ ਸਰਦਹਾ ਪਿੰਡ ਵਿੱਚ ਹੋਇਆ ਸੀ. ਇਹ ਬਾਬਾ ਲਾਲ (ਜੋ ਸੀ. ਪੀ. ਦਾ ਵਸਨੀਕ ਜਹਾਂਗੀਰ ਵੇਲੇ ਪ੍ਰਸਿੱਧ ਸਾਧੁ ਹੋਇਆ ਹੈ ਉਸ) ਦਾ ਚੇਲਾ ਸੀ. ਜਗਜੀਵਨ ਦਾਸ ਦੇ ਰਚੇ ਗ੍ਰੰਥ ਅਘਵਿਨਾਸ਼, ਗ੍ਯਾਨਪ੍ਰਕਾਸ਼ ਆਦਿ ਵੇਦਾਂਤਮਤ ਨਾਲ ਮਿਲਦੇ ਹਨ. ਇਸ ਦੀ ਸੰਪ੍ਰਦਾ ਦੇ ਸਤਨਾਮੀਆਂ ਨੂੰ ਮੁੰਡਾ ਅਥਵਾ ਮੁੰਡਾਪੰਥੀ ਭੀ ਆਖਦੇ ਹਨ, ਕਿਉਂਕਿ ਉਹ ਮੂੰਹ ਸਿਰ ਭੌਹਾਂ ਸਮੇਤ ਮੁਨਾ ਦਿੰਦੇ ਹਨ।#੩. ਘਾਸੀ ਦਾਸ ਦਾ ਚਲਾਇਆ ਇੱਕ ਪੰਥ. ਸਨ ੧੮੩੫ ਵਿੱਚ ਮੱਧ ਭਾਰਤ ਦੇ ਪਿੰਡ ਭੰਡਾਰਾ ਵਿੱਚ ਚਮਾਰ ਕੁਲ ਅੰਦਰ ਘਾਸੀ ਦਾਸਦਾ ਜਨਮ ਹੋਇਆ. ਇਸ ਨੇ ਆਪਣੇ ਤਾਈਂ ਕਰਤਾਰ ਦਾ ਦੂਤ ਦੱਸਕੇ ਉਪਦੇਸ਼ ਦਿੱਤਾ ਕਿ ਪੂਜਾ. ਤੀਰਥ ਜੱਗ ਆਦਿ ਦੀ ਥਾਂ ਸੱਤਨਾਮ ਦਾ ਜਾਪ ਉੱਤਮ ਹੈ. ਇਸ ਦੇ ਪੁਤ੍ਰ ਬਾਲਕ ਦਾਸ ਨੇ ਭੀ ਪਿਤਾ ਵਾਙ ਸਤਨਾਮ ਦਾ ਪ੍ਰਚਾਰ ਕੀਤਾ ਅਰ ਬਹੁਤ ਚਮਾਰ ਚੇਲੇ ਹੋ ਗਏ, ਜੋ ਸਤਨਾਮੀ ਕਹੇ ਜਾਂਦੇ ਹਨ. ਇਹ ਆਪੋ ਵਿੱਚੀ ਮਿਲਣ ਸਮੇਂ ਸਤਨਾਮ ਆਖਦੇ ਹਨ ਅਰ ਇਸੇ ਨਾਮ ਦੀ ਮਾਲਾ ਫੇਰਦੇ ਹਨ. ਇਨ੍ਹਾਂ ਦਾ ਧਰਮਗ੍ਰੰਥ "ਨਿਰਵਾਣ" ਨਾਮਕ ਫਰਰੁਖਾਬਾਦ ਦੇ ਸਤਨਾਮੀਆਂ ਪਾਸ ਹੈ. ਸਤਨਾਮੀ ਲੋਕ ਨਸ਼ਿਆਂ ਤੋਂ ਬਹੁਤ ਬਚਦੇ ਹਨ.
ਸਰੋਤ: ਮਹਾਨਕੋਸ਼