ਪਰਿਭਾਸ਼ਾ
ਲਹੌਰ ਤੋਂ ਬਾਰਾਂ ਕੋਹ ਚੜ੍ਹਦੇ ਵੱਲ ਇੱਕ ਪਿੰਡ. ਛੀਵੇਂ ਸਤਿਗੁਰੂ ਜੀ ਇਸ ਥਾਂ ਪਧਾਰੇ ਹਨ. ਭਾਈ ਬੁਲਾਕਾ ਸਿੰਘ ਜੀ ਦਸ਼ਮੇਸ਼ ਦੇ ਹਜ਼ੂਰੀ ਇਸ ਗੁਰਦ੍ਵਾਰੇ ਦੇ ਪਹਿਲੇ ਮਹੰਤ ਹੋਏ. ਫੇਰ ਉਨ੍ਹਾਂ ਦੇ ਸੁਪੁਤ੍ਰ ਭਾਈ ਬਸਤੀ ਰਾਮ ਜੀ ਦੀ ਨਿਗਰਾਨੀ ਵਿੱਚ ਕਈ ਸਿੰਘ ਸੇਵਾ ਕਰਦੇ ਰਹੇ. ਇੱਥੋਂ ਦੇ ਮਹੰਤਾਂ ਵਿੱਚੋਂ ਭਾਈ ਕੂਮਾ ਸਿੰਘ ਜੀ ਕਰਣੀ ਵਾਲੇ ਗੁਰਮੁਖ ਸਿੰਘ ਸਨ, ਜਿਨ੍ਹਾਂ ਨੇ ਇਸ ਥਾਂ ਨੂੰ ਵਡੀ ਰੌਨਕ ਦਿੱਤੀ. ਭਾਈ ਵੀਰ ਸਿੰਘ ਜਿਸ ਨੂੰ ਨਿਹੰਗ ਸਿੰਘ ਅਤੇ ਦਿੱਲੀ ਤੋੜ ਸਿੰਘ ਲੋਕ ਆਖਦੇ ਸਨ, ਮਾਝੇ ਦੇਸ ਅਤੇ ਲਾਟ ਸਾਹਿਬ ਪੰਜਾਬ ਤੋਂ ਸਨਮਾਨ ਨਾਲ ਵੇਖਿਆ ਜਾਂਦਾ ਸੀ. ਇਸ ਪਿੱਛੋਂ ਮਹੰਤ ਕਿਰਪਾ ਸਿੰਘ ਵੇਲੇ ਅਸਥਾਨ ਦੀ ਮਰਜਾਦਾ ਵਿੱਚ ਫਰਕ ਆਗਿਆ, ਜਿਸ ਤੋਂ ਉਸ ਨੂੰ ਮਹੰਤੀ ਤੋਂ ਅਲਗ ਹੋਣਾ ਪਿਆ. ਹੁਣ ਕਮੇਟੀ ਦੇ ਹੱਥ ਸਾਰਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਦਾ ਨਾਉਂ ਗੁਰੂਸਰ ਸਤਲਾਨੀ ਹੈ. ਦੇਖੋ, ਗੁਰੂਸਰ ਸਤਲਾਣੀ.
ਸਰੋਤ: ਮਹਾਨਕੋਸ਼