ਪਰਿਭਾਸ਼ਾ
[خُسرو] ਬਾਦਸ਼ਾਹ. ਮਹਾਰਾਜਾ. ਵਿਦ੍ਵਾਨਾਂ ਨੇ ਇਸ ਦਾ ਮੂਲ ਖ਼ੁਸ਼ਰੂ ਮੰਨਿਆ ਹੈ। ਖ਼ੁਸਰੋ ਸੁਲਤ਼ਾਨ. ਰਾਜਾ ਭਗਵਾਨਦਾਸ ਦੀ ਪੁਤ੍ਰੀ (ਸ਼ਾਹ ਬੇਗਮ) ਦੇ ਉਦਰ ਤੋਂ ਬਾਦਸ਼ਾਹ ਜਹਾਂਗੀਰ ਦਾ ਵਡਾ ਪੁਤ੍ਰ, ਜੋ ਸਨ ੧੫੮੭ ਵਿੱਚ ਲਹੌਰ ਪੈਦਾ ਹੋਇਆ. ਇਹ ਪਿਤਾ ਤੋਂ ਬਾਗੀ ਹੋ ਕੇ ਲਹੌਰ ਤੇ ਕ਼ਬਜਾ ਕਰਨ ਆਇਆ ਸੀ, ਪਰ ਸੂਬੇ ਨੇ ਅੰਦਰ ਵੜਨ ਵੀ ਨਾ ਦਿੱਤਾ. ਖੁਸਰੋ ਚਨਾਬ ਤੇ ਫੜਿਆ ਗਿਆ. ਜਹਾਂਗੀਰ ਨੇ ਇਸ ਦੇ ਸਾਥੀਆਂ ਨੂੰ ਪ੍ਰਾਣਦੰਡ ਦਿੱਤਾ ਅਤੇ ਖੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ. ਇਹ ਚਿਰ ਤੀਕ ਕੈਦ ਰਹਿਕੇ ਸਨ ੧੬੨੨ ਵਿੱਚ ਮੋਇਆ. ਚੰਦੂ ਨੇ ਚੁਗਲੀ ਕਰਕੇ ਕਿ ਗੁਰੂ ਅਰਜਨ ਸਾਹਿਬ ਨੇ ਖ਼ੁਸਰੋ ਦੀ ਸਹਾਇਤਾ ਕੀਤੀ ਹੈ, ਜਹਾਂਗੀਰ ਨੂੰ ਨਾਰਾਜ ਕਰਵਾ ਦਿੱਤਾ ਸੀ.
ਸਰੋਤ: ਮਹਾਨਕੋਸ਼