ਪਰਿਭਾਸ਼ਾ
[فردوَسی] ਗ਼ਜ਼ਨੀ ਦੇ ਪ੍ਰਤਾਪੀ ਬਾਦਸ਼ਾਹ ਮਹਮੂਦ ਦੀ ਸਭਾ ਦਾ ਕਵਿ, ਜੋ ਸ਼ਰਫ਼ਸ਼ਾਹ ਦਾ ਪੁਤ੍ਰ ਸੀ. ਇਸ ਨੇ ਸ਼ੁੱਧ ਫ਼ਾਰਸੀ ਭਾਸਾ ਵਿੱਚ ੬੦੦੦੦ ਛੰਦਾਂ ਦਾ "ਸ਼ਾਹਨਾਮਾ" ਨਾਮਕ ਇਤਿਹਾਸ ਤੀਹ ਵਰ੍ਹੇ ਖ਼ਰਚਕੇ ਲਿਖਿਆ. ਇਸ ਦਾ ਅਸਲ ਨਾਮ ਅੱਬੁਲਕ਼ਾਸਮਹ਼ਸਨ [ابوُاُلّقسمہسن] ਸੀ.#ਬਾਦਸ਼ਾਹ ਨੇ ਇਸ ਨੂੰ ਹਰੇਕ ਛੰਦ ਪਿੱਛੇ ਮੁਹਰ (ਸ਼੍ਵਰਣਮੁਦ੍ਰਾ) ਦੇਣੀ ਕਹੀ ਸੀ. ਪਰ ਗ੍ਰੰਥ ਦੀ ਸਮਾਪਤੀ ਪੁਰ ਰਜਤਮੁਦ੍ਰਾ (ਰੁਪਯਾ) ਦੇਣ ਲੱਗਾ. ਕਵੀ ਲੈਣੋ ਇਨਕਾਰ ਕਰਕੇ ਆਪਣੇ ਨਗਰ "ਤੂਸ" (ਮਸ਼ਹਦ) ਨੂੰ ਚਲਾ ਗਿਆ ਅਰ ਮਹਮੂਦ ਦਾ ਕਮੀਨਾਪਨ ਗ੍ਰੰਥ ਵਿੱਚ ਦਰਜ ਕੀਤਾ. ਅੰਤ ਨੂੰ ਮਹਮੂਦ ਨੇ ਪਛਤਾਕੇ ਕਵੀ ਨੂੰ ਸੱਠ ਹਜ਼ਾਰ ਮੁਹਰਾਂ ਭੇਜੀਆਂ, ਪਰ ਜਦ ਅਹਿਲਕਾਰ ਤੂਸ ਵਿੱਚ ਲੈ ਕੇ ਇੱਕ ਦਰਵਾਜੇ ਦਾਖ਼ਿਲ ਹੋਏ, ਤਾਂ ਦੂਸਰੇ ਦਰਵਾਜ਼ੇ ਉਸ ਦਾ ਜਨਾਜ਼ਾ ਜਾ ਰਿਹਾ ਸੀ. ਫ਼ਰਦੌਸੀ ਦੀ ਪੁਤ੍ਰੀ ਨੇ ਬਾਦਸ਼ਾਹ ਦੀ ਭੇਟਾ ਲੈਣੋਂ ਇਨਕਾਰ ਕੀਤਾ. ਪਰ ਮਹਮੂਦ ਦੀ ਬੇਨਤੀ ਮੰਨਕੇ ਫੇਰ ਅੰਗੀਕਾਰ ਕਰ ਲਈ ਅਰ ਉਸ ਰਕਮ ਤੋਂ ਸ਼ਹਰ ਪਾਸ ਦਰਿਆ ਦਾ ਬੰਨ੍ਹ ਅਰ ਘਾਟ ਬਣਵਾ ਦਿੱਤਾ. ਫ਼ਰਦੌਸ਼ੀ ਦਾ ਦੇਹਾਂਤ ਤੂਸ (ਮਸ਼ਹਦ) ਵਿੱਚ ਸਨ ੧੦੨੫ ਵਿੱਚ ਹੋਇਆ.#ਜਫਰਨਾਮੇ ਵਿੱਚ ਦਸ਼ਮੇਸ਼ ਜੀ ਨੇ ਲਿਖਿਆ ਹੈ-#"ਚਿ ਖ਼ੁਸ਼ ਮੁਫਤ ਫ਼ਰਦੌਸੀਏ ਖ਼ੁਸ਼ਜ਼ੁਬਾਂ."
ਸਰੋਤ: ਮਹਾਨਕੋਸ਼