ਪਹਾੜ ਦੀ ਸੈਰ

ਕੁਦਰਤ
ਸ਼ੇਅਰ ਕਰੋ
a group of people climbing to mountain and enjoying the view.

ਭੂਮਿਕਾ- ਸਾਡੇ ਦੇਸ ਦੇ ਮੈਦਾਨੀ ਭਾਗਾਂ ਵਿਚ ਅੰਤਾਂ ਦੀ ਗਰਮੀ ਪੈਂਦੀ ਹੈ।ਸੂਰਜ ਦੀ ਗਰਮੀ ਨਾਲ ਧਰਤੀ ਲੂਹੀ ਜਾਂਦੀ ਹੈ।ਮੁੜਕੇ ਤੇ ਧੁੱਪ ਕਾਰਨ ਸਿਹਤ ਵਿਚ ਨਿਰਬਲਤਾ ਆ ਜਾਂਦੀ ਹੈ।ਅਜਿਹੀ ਅਵਸਥਾ ਵਿਚ ਇਹਨਾਂ ਭਾਗਾਂ ਦੇ ਵਾਸੀ ਠੰਢੀ ਹਵਾ ਦੇ ਬੁਲ੍ਹਿਆਂ ਲਈ ਤਰਸਦੇ ਹਨ। ਉਹ ਇਹਨਾਂ ਔਕੜਾਂ ਤੋਂ ਛੁਟਕਾਰਾ ਪਾਉਣ ਲਈ ਗਰਮੀ ਦੇ ਮੌਸਮ ਵਿਚ ਪਹਾੜਾਂ ਵੱਲ ਜਾਣ ਦੀ ਸੋਚਦੇ ਹਨ। ਉਹ ਪਹਾੜਾਂ ਦੇ ਦ੍ਰਿਸ਼, ਉੱਥੋਂ ਦੀ ਰਹਿਣੀ-ਬਹਿਣੀ ਅਤੇ ਪਸ਼ੂ-ਪੰਛੀ ਆਦਿ ਵੇਖ ਕੇ ਅਨੰਦ ਦੀ ਦੁਨੀਆਂ ਵਿਚ ਕੁਝ ਪਲ ਗੁਜ਼ਾਰ ਕੇ ਝੁਲਸਦੀ ਗਰਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

ਸੈਰ ਲਈ ਪ੍ਰੋਗਰਾਮ ਬਣਾਉਣਾ- ਸਾਡਾ ਸਕੂਲ ਗਰਮੀ ਦੀਆਂ ਛੁੱਟੀਆਂ ਲਈ 26 ਜੂਨ ਨੂੰ ਬੰਦ ਹੋਣਾ ਸੀ। ਅਸੀਂ ਕੁਝ ਵਿਦਿਆਰਥੀਆਂ ਨੇ ਆਪਣੇ ਅੰਗਰੇਜ਼ੀ ਦੇ ਅਧਿਆਪਕ ਨਾਲ ਮਿਲ ਕੇ ਗਰਮੀ ਦੀਆਂ ਛੁੱਟੀਆਂ ਵਿਚ ਪਹਾੜੀ ਸਥਾਨਾਂ ਦੀ ਸੈਰ ਦਾ ਪ੍ਰੋਗਰਾਮ ਬਣਾਇਆ। ਜਾਣ ਵਾਲੇ ਪੰਦਰਾਂ ਵਿਦਿਆਰਥੀਆਂ ਨੇ ਦੋ-ਦੋ ਸੌ ਰੁਪਏ ਅਧਿਆਪਕ ਜੀ ਕੋਲ ਜਮ੍ਹਾਂ ਕਰਵਾ ਦਿੱਤੇ।

ਯਾਤਰਾ ਦਾ ਅਰੰਭ- 26 ਜੂਨ ਨੂੰ ਸਾਨੂੰ 28 ਦਿਨਾਂ ਲਈ ਗਰਮੀ ਦੀਆਂ ਛੁੱਟੀਆਂ ਹੋ ਗਈਆਂ। ਅਸੀਂ ਸਾਰੇ ਆਪਣੇ ਸਾਮਾਨ ਲੈ ਕੇ ਨਿਯਤ ਸਮੇਂ ਅਨੁਸਾਰ ਬੱਸ ਸਟੈਂਡ ਤੇ ਪਹੁੰਚ ਗਏ ਅਤੇ ਸਵੇਰੇ ਛੇ ਵਜੇ ਜੰਮੂ ਜਾਣ ਵਾਲੀ ਬੱਸ ਵਿਚ ਸਵਾਰ ਹੋ ਗਏ। ਮੈਂ ਬੱਸ ਦੀ ਮੁਹਰਲੀ ਸੀਟ ਤੇ ਬੈਠਾ ਸੀ। ਜੰਮੂ ਅੱਪੜ ਅਸੀਂ ਸ੍ਰੀ ਨਗਰ ਜਾਣ ਵਾਲੀ ਬੱਸ ਵਿਚ ਸਵਾਰ ਹੋ ਗਏ। ਪਹਾੜੀ ਇਲਾਕੇ ਵਿਚ ਬੱਸਸੱਪ ਵਾਂਗ ਵਲ ਖਾਂਦੀ ਸੜਕਾਂ ਨੂੰ ਚੀਰਦੀ ਹੋਈ, ਸ਼ਾਮ ਦੇ ਸੰਤ ਵਜੇ ਸ੍ਰੀ ਨਗਰ ਪਹੁੰਚੀ। ਰਸਤੇ ਵਿਚ ਸ੍ਰੀ ਨਗਰ ਦੀ ਵਾਦੀ ਦੇ ਮਨਮੋਹਣੇ ਨਜ਼ਾਰਿਆਂ ਨੇ ਸਾਡੇ ਅੰਦਰ ਸੈਰ ਲਈ ਉਤਸੁਕਤਾ ਪੈਦਾ ਕਰ ਦਿੱਤੀ। ਸ੍ਰੀ ਨਗਰ ਪਹੁੰਚ ਕੇ ਅਸੀਂ ਇਕ ਹੋਟਲ ਵਿਚ ਠਹਿਰਣ ਦਾ ਪ੍ਰਬੰਧ ਕੀਤਾ।

ਟਾਂਗ ਮਰਗ ਤੱਕ ਪਹਾੜੀ ਸੈਰ- ਇਕ ਦਿਨ ਅਸੀਂ ਹੋਟਲ ਵਿਚ ਹੀ ਯਾਤਰਾ ਦੇ ਥਕੇਵੇਂ ਅਤੇ ਅਕੇਵੇਂ ਕਾਰਨ ਆਰਾਮ ਕੀਤਾ। ਦੂਜੇ ਦਿਨ ਸਵੇਰੇ ਹੀ ਅਸੀਂ ਪਹਾੜ ਦੀ ਸੈਰ ਲਈ ਚੱਲ ਪਏ। ਟਾਂਗ ਮਰਗ ਤਕ ਅਸੀਂ ਬੱਸ ਦੁਆਰਾ ਪੁੱਜੇ। ਬੱਸ ਵਿਚ ਬੈਠਿਆ ਅਸੀਂ ਪਹਾੜਾਂ ਦੀਆਂ ਟੀਸੀਆਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਵੇਖ ਕੇ ਬਹੁਤ ਹੈਰਾਨ ਹੋਏ। ਇਕ ਪਾਸੇ ਪਹਾੜਾਂ ਦੀਆਂ ਉਚਾਈਆਂ ਤੇ ਉੱਚੇ ਚੀਲਾਂ ਅਤੇ ਦੇਉਦਾਰ ਦੇ ਰੁੱਖ ਆਕਾਸ਼ ਨਾਲ ਗੱਲਾਂ ਕਰ ਰਹੇ ਸਨ ਤੇ ਦੂਜੇ ਪਾਸੇ ਪਾਤਾਲ ਤੀਕ ਪਹੁੰਚ ਗਏ। ਡੂੰਘੀਆਂ ਖੱਡਾਂ ਭਿਆਨਕ ਅਤੇ ਡਰਾਉਣਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ

ਪੈਦਲ ਯਾਤਰਾ- ਟਾਂਗ ਮਰਗ ਤੋਂ ਅਸੀਂ ਖਿਲਨ ਮਰਗ ਤੱਕ ਪੈਦਲ ਜਾਣ ਦਾ ਪ੍ਰੋਗਰਾਮ ਬਣਾਇਆ। ਖਿਲਨ ਮਰਗ, ਟਾਂਗ ਮਰਗ ਤੋਂ ਕੋਈ ਸੱਤ ਕੁ ਮੀਲ ਦੂਰੀ ਤੇ ਹੈ। ਸਾਨੂੰ ਅਧਿਆਪਕ ਜੀ ਨੇ ਦੱਸਿਆ ਕਿ ਪਹਾੜੀ ਵਾਦੀਆਂ ਵਿਚ ਪੈਦਲ ਤੁਰਨਾ ਬਹੁਤ ਅਨੰਦਮਈ ਹੁੰਦਾ ਹੈ। ਸੋ ਅਸੀਂ ਪੈਦਲ ਹੀ ਚੱਲ ਪਏ। ਰਸਤੇ ਵਿਚ ਅਸੀਂ ਆਲੇ-ਦੁਆਲੇ ਦੇ ਕੁਦਰਤੀ ਨਜ਼ਾਰਿਆਂ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਸਾਂ ਅਤੇ ਨਾਲ ਵੀ ਨਾਲ ਅਸੀਂ ਗਾ ਕੇ ਅਤੇ ਲਤੀਫ਼ੇ ਸੁਣਾ ਕੇ ਪੂਰਾ ਆਨੰਦ ਵੀ ਮਾਣ ਰਹੇ ਸਾਂ। ਰਸਤੇ ਦੇ ਇਕ ਪਾਸੇ ਉੱਚੇ-ਉੱਚੇ ਪਹਾੜ ਅਤੇ ਦੂਸਰੇ ਪਾਸੇ ਡੂੰਘੀਆਂ ਖੱਡਾਂ ਕੁਦਰਤ ਦਾ ਅਜੀਬ ਦ੍ਰਿਸ਼ ਪੇਸ਼ ਕਰਦੀਆਂ ਹਨ। ਰਸਤੇ ਵਿਚ ਅਸੀਂ ਬਹੁਤ ਸਾਰੇ ਵਿਦੇਸੀਆਂ ਨੂੰ ਵੀ ਸੈਰ ਕਰਦੇ ਵੇਖਿਆ। ਚੜਾਈ ਸਿੱਧੀ ਸੀ। ਇਸ ਲਈ 1-1/2 ਕੁ ਮੀਲ ਚੜ੍ਹ ਕੇ ਅਸੀਂ ਥੱਕ ਗਏ ਅਤੇ ਕੁਝ ਸਾਹ ਲੈਣ ਲਈ ਪਹਾੜੀ ਦੇ ਇਕ ਬੰਨੇ ਬੈਠ ਗਏ। ਉੱਥੇ ਬੈਠ ਕੇ ਅਸੀਂ ਚਾਹ ਪੀਤੀ ਅਤੇ ਕੈਮਰੇ ਨਾਲ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਵੀ ਲਈਆਂ।ਅੱਧਾ ਘੰਟਾ ਆਰਾਮ ਕਰਨ ਮਗਰੋਂ ਅਸੀਂ ਫਿਰ ਚਲ ਪਏ। ਜਦੋਂ ਅਸੀਂ ਖਿਲਨ ਮਰਗ ਤੱਕ ਪਹੁੰਚਣ ਵਾਲੇ ਸਾਂ ਤਾਂ ਬਹੁਤ ਥੱਕ ਚੁੱਕੇ ਸਾਂ, ਪਰ ਕੁਦਰਤੀ ਨਜ਼ਾਰਿਆਂ ਨੇ ਸਾਨੂੰ ਥਕੇਵਾਂ ਘੱਟ ਹੀ ਮਹਿਸੂਸ ਹੋਣ ਦਿੱਤਾ।

ਗੁਲਮਰਗ ਦੀ ਸੈਰ- ਅਸੀਂ ਗੁਲਮਰਗ ਦੇ ਦ੍ਰਿਸ਼ ਵੇਖਣ ਵੀ ਗਏ। ਰਸਤੇ ਵਿਚਲੇ ਆਲੇ-ਦੁਆਲੇ ਦੇ ਦਿਲ ਮੋਹਣੇ ਨਜ਼ਾਰਿਆਂ ਅਤੇ ਬਰਫ਼ ਲੱਦੀਆਂ ਚੋਟੀਆਂ ਨੇ ਸਾਡੇ ਮਨ ਨੂੰ ਮੁਗਧ ਕਰ ਰੱਖਿਆ ਸੀ। ਆਪ ਮੁਹਾਰੇ ਵਗਦੇ ਝਰਨੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਰਹੇ ਸਨ।ਰਸਤੇ ਵਿਚ ਅਸੀਂ ਸੇਬ ਅਤੇ ਨਾਸ਼ਪਾਤੀਆਂ ਦੇ ਬਾਗਾਂ ਦੇ ਦ੍ਰਿਸ਼ ਵੇਖੇ।ਗੁਲਮਰਗ ਪਹੁੰਚ ਕੇ ਅਸੀਂ ਕੁਝ ਚਿਰਆਰਾਮ ਕੀਤਾ।

ਖਿਲਨ ਮਰਗ ਤੱਕ ਘੋੜ ਸਵਾਰੀ- ਗੁਲਮਰਗ ਤੋਂ ਅਸੀਂ ਵਾਪਸ ਖਿਲਨ ਮਰਗ ਲਈ ਘੋੜਿਆਂ ਉੱਪਰ ਸਵਾਰ ਹੋ ਗਏ। ਪਹਾੜਾਂ ਦੀ ਸਿੱਧੀ ਚੜਾਈ ਤੇ ਘੋੜ ਸਵਾਰੀ ਬਹੁਤ ਆਨੰਦਮਈ ਹੁੰਦੀ ਹੈ।ਆਸ-ਪਾਸ ਦੀ ਕੁਦਰਤ ਇਉਂ ਸਜੀ ਹੋਈ ਸੀ ਜਿਵੇਂ ਨਵ-ਵਿਆਹੁਤਾ ਨਾਰ ਹੋਵੇ। ਇਸ ਤਰ੍ਹਾਂ ਟੱਪਦੇ, ਨੱਚਦੇ ਘੋੜਿਆਂ ਦੀ ਸਵਾਰੀ ਦਾ ਅਨੰਦ ਮਾਣਦੇ ਅਤੇ ਕੁਦਰਤੀ ਦ੍ਰਿਸ਼ਾਂ ਵਿਚੋਂ ਲੰਘਦੇ ਖਿਲਨ ਮਰਗ ਵਾਪਸ ਪੁੱਜ ਗਏ। ਇੱਥੇ ਕੁਝ ਚਿਰ ਆਰਾਮ ਕਰਨ ਪਿੱਛੋਂ ਵਾਪਸ ਸ੍ਰੀਨਗਰ ਪੁੱਜ ਗਏ।

ਡੱਲ ਝੀਲ ਦੀ ਸੈਰ- ਇਕ ਦਿਨ ਅਸੀਂ ਸ਼ਿਕਾਰਿਆਂ ਵਿਚ ਬੈਠ ਕੇ ਡੱਲ ਝੀਲ ਦੀ ਵੀ ਸੈਰ ਕੀਤੀ।ਹਰ ਪਾਸੇ ਯਾਤਰੀਆਂ ਨੂੰ ਬਿਠਾਈ ਸ਼ਿਕਾਰ ਝੀਲ ਵਿਚ ਇੱਧਰ-ਉੱਧਰ ਘੁੰਮਦੇ ਸਵਰਗੀ ਨਜ਼ਾਰੇ ਦਾ ਰੰਗ ਬੰਨ ਰਹੇ ਸਨ।

ਸਾਰਾਂਸ਼- ਇਸ ਤਰ੍ਹਾਂ ਅਸੀਂ ਪਹਾੜੀ ਦ੍ਰਿਸ਼ਾਂ, ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ, ਉਹਨਾਂ ਦੇ ਰਹੁ ਰੀਤਾਂ ਆਦਿ ਦਾ ਅਨੰਦ ਮਾਣਦਿਆਂ ਕੋਈ ਪੰਦਰਾਂ ਕੁ ਦਿਨਾਂ ਪਿੱਛੋਂ ਵਾਪਸ ਆਪਣੇ ਸ਼ਹਿਰ ਪਰਤ ਆਏ। ਹੁਣ ਵੀ ਪਹਾੜਾਂ ਵਿਚਲੀ ਦ੍ਰਿਸ਼ਮਾਨ, ਕਾਦਰ ਦੀ ਕਾਰੀਗਰੀ ਦੀ ਇਹ ਯਾਦ ਮਨ ਨੂੰ ਖੇੜੇ ਤੋਂ ਅਨੰਦ ਨਾਲ ਭਰਦੀ ਰਹਿੰਦੀ ਹੈ।

📝 ਸੋਧ ਲਈ ਭੇਜੋ