ਅਮਰੀਕਾ ਨੇ HIV ਏਡਜ ਨੂੰ ਰੋਕਣ ਲਈ ਗਿਲਿਅਡ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

hiv injections

ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬੁੱਧਵਾਰ ਨੂੰ ਐਚਆਈਵੀ(HIV) ਨੂੰ ਰੋਕਣ ਲਈ ਗਿਲਿਅਡ ਸਾਇੰਸਜ਼ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇੱਕ ਵੱਡਾ ਕਦਮ ਹੈ ਜਿਸ ਰਾਹੀਂ ਕੰਪਨੀ ਨੇ ਜਿਨਸੀ ਤੌਰ 'ਤੇ ਸੰਪਰਕ ਵਿੱਚ ਆਉਣ ਨਾਲ ਫੈਲਣ ਵਾਲੇ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।

ਐਚਆਈਵੀ ਦੀ ਲਾਗ ਨੂੰ ਰੋਕਣ ਲਈ ਦਵਾਈਆਂ, ਜਿਨ੍ਹਾਂ ਨੂੰ ਪ੍ਰੀ-ਐਕਸਪੋਜ਼ਰ ਪ੍ਰੋਫਾਈਲੈਕਸਿਸ ਓ ਪ੍ਰੈਪ(pre-exposure prophylaxis o PrEP) ਕਿਹਾ ਜਾਂਦਾ ਹੈ, ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੌਜੂਦ ਹਨ। ਪਰ ਇਸ ਵਿੱਚ ਆਮ ਤੌਰ 'ਤੇ ਰੋਜ਼ਾਨਾ ਗੋਲੀ ਲੈਣ ਦੀ ਲੋੜ ਹੁੰਦੀ ਹੈ ਜਿਸ ਕਰਕੇ ਇਹ ਇੰਨੇ ਮਹੱਤਵਪੂਰਨ ਨਹੀਂ ਸਨ।

ਗਿਲਿਅਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਡੈਨੀਅਲ ਓ'ਡੇ ਨੇ ਇੱਕ ਬਿਆਨ ਵਿੱਚ ਕਿਹਾ, "ਇਹ HIV ਵਿਰੁੱਧ ਦਹਾਕਿਆਂ ਤੋਂ ਚੱਲੀ ਆ ਰਹੀ ਲੜਾਈ ਵਿੱਚ ਇੱਕ ਇਤਿਹਾਸਕ ਦਿਨ ਹੈ।" 

ਯੇਜ਼ਟੂਗੋ ਬ੍ਰਾਂਡ ਨਾਮ ਹੇਠ ਪੇਸ਼ ਕੀਤਾ ਗਿਆ ਲੇਨਾਕਾਪਾਵਿਰ, ਬਾਲਗਾਂ ਅਤੇ ਕਿਸ਼ੋਰਾਂ ਵਿੱਚ HIV ਸੰਚਾਰ ਦੇ ਜੋਖਮ ਨੂੰ 99.9 ਪ੍ਰਤੀਸ਼ਤ ਤੋਂ ਵੱਧ ਘਟਾਉਣ ਵਿੱਚ ਸਫਲ ਹੋਇਆ ਹੈ, ਜੋ ਇਸਨੂੰ ਕਾਰਜਸ਼ੀਲ ਤੌਰ 'ਤੇ ਇੱਕ ਸ਼ਕਤੀਸ਼ਾਲੀ ਟੀਕਾ ਬਣਾਉਂਦਾ ਹੈ।

ਕੰਪਨੀ ਨੇ ਦੋ ਵੱਡੇ ਕਲੀਨਿਕਲ ਟਰਾਇਲ ਕੀਤੇ ਸਨ। ਪਹਿਲੇ ਟਰਾਇਲ ਵਿੱਚ ਉਪ-ਸਹਾਰਨ ਅਫਰੀਕਾ ਵਿੱਚੋਂ 2,000 ਤੋਂ ਵੱਧ ਔਰਤਾਂ ਸ਼ਾਮਲ ਸਨ। ਨਤੀਜੇ ਵਜੋਂ ਟੀਕੇ ਨਾਲ ਲਾਗ ਵਿੱਚ 100 ਪ੍ਰਤੀਸ਼ਤ ਕਮੀ ਆਈ ਅਤੇ ਪੁਰਾਣੀ ਰੋਜ਼ਾਨਾ ਲੈਣ ਵਾਲੀ ਗੋਲੀ ਟਰੂਵਾਡਾ ਨਾਲੋਂ ਉੱਤਮਤਾ ਦਿਖਾਈ ਹੈ।

ਦੂਜੇ ਟ੍ਰਾਇਲ ਵਿੱਚ 2,000 ਤੋਂ ਵੱਧ ਮਰਦਾਂ ਅਤੇ ਟਰਾਂਸਜੈਂਡਰ ਵਿਅਕਤੀਆਂ ਨੂੰ ਸ਼ਾਮਲ ਕਰਦੇ ਹੋਏ, ਸਿਰਫ ਦੋ ਇਨਫੈਕਸ਼ਨ ਦਰਜ ਕੀਤੇ ਗਏ ਹਨ। ਨਤੀਜੇ ਵਜੋਂ 99.9 ਪ੍ਰਤੀਸ਼ਤ ਰੋਕਥਾਮ ਦਰ ਨਾਲ ਇਸਨੇ ਟਰੂਵਾਡਾ ਨੂੰ ਫਿਰ ਪਛਾੜਿਆ ਹੈ।

ਕਈ ਵਿਅਕਤੀਆਂ ਨੇ ਕੁਝ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਜਿਸ ਵਿੱਚ ਟੀਕੇ ਵਾਲੀ ਥਾਂ 'ਤੇ ਰਿਐਕਸ਼ਨ ਅਤੇ ਸਿਰ ਦਰਦ ਸ਼ਾਮਲ ਸਨ।

ਦੋਵਾਂ ਟ੍ਰਾਇਲਾਂ ਦੇ ਨਤੀਜੇ, ਦ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ, ਅਤੇ ਸਾਇੰਸ ਜਰਨਲ ਨੇ ਲੇਨਾਕਾਪਾਵਿਰ ਨੂੰ 2024 "ਸਾਲ ਦੀ ਸਫਲਤਾ" ਦਾ ਨਾਮ ਦਿੱਤਾ ਸੀ।

ਇਸ ਟੀਕੇ ਦੀ ਕੀਮਤ ਸਬੰਧੀ ਚਿੰਤਾਵਾਂ ਉਮੀਦ ਨੂੰ ਮੱਧਮ ਕਰਦੀਆਂ ਹਨ -
ਪ੍ਰਭਾਵਸ਼ਾਲੀ ਨਤੀਜਿਆਂ ਦੇ ਬਾਵਜੂਦ, ਇਸ ਟੀਕੇ ਦੀ ਕੀਮਤ ਦੁਆਰਾ ਆਸ਼ਾਵਾਦ ਘੱਟ ਹੋ ਸਕਦਾ ਹੈ। ਗਿਲਿਅਡ ਦੇ ਬੁਲਾਰੇ ਬਲੇਅਰ ਬਾਉਮਵੈਲ ਨੇ ਬੁੱਧਵਾਰ ਨੂੰ ਇੱਕ ਈਮੇਲ ਵਿੱਚ ਏਐਫਪੀ ਨੂੰ ਦੱਸਿਆ ਕਿ ਸੰਯੁਕਤ ਰਾਜ ਵਿੱਚ ਟੀਕੇ ਦੀ ਕੀਮਤ ਪ੍ਰਤੀ ਸਾਲ $28,218 ਹੋ ਸਕਦੀ ਹੈ ਅਤੇ ਇਹ ਟੀਕਾ ਸਾਲ ਵਿੱਚ ਦੋ ਵਾਰ ਲੱਗੇਗਾ।

HIV ਦੇ ਇਲਾਜ ਵਜੋਂ ਪਹਿਲਾਂ ਤੋਂ ਮਨਜ਼ੂਰਸ਼ੁਦਾ ਵਰਤੋਂ ਲਈ ਲੇਨਾਕਾਪਾਵਿਰ ਦੀ ਮੌਜੂਦਾ ਕੀਮਤ $39,000 ਸਾਲਾਨਾ ਹੈ।

ਬਾਉਮਵੈਲ ਨੇ ਕਿਹਾ ਕਿ ਇੱਕ ਰੋਕਥਾਮ ਦਵਾਈ ਵਜੋਂ ਲੇਨਾਕਾਪਾਵਿਰ ਲਈ $28,000 ਤੋਂ ਵੱਧ ਪ੍ਰਤੀ ਸਾਲ ਦੀ ਲਾਗਤ, ਮੌਜੂਦਾ PrEP ਉਤਪਾਦਾਂ ਦੇ ਅਨੁਸਾਰ ਹੈ ਅਤੇ ਕੰਪਨੀ ਇਸਨੂੰ ਕਵਰ ਕਰਨ ਲਈ ਬੀਮਾਕਰਤਾਵਾਂ ਦੀ ਜਾਂਚ ਕਰਦੀ ਹੈ।

ਉਸਨੇ ਈਮੇਲ ਵਿੱਚ ਕਿਹਾ, ਅਸੀਂ ਯੇਜ਼ਟੂਗੋ ਨੂੰ ਕਿਸੇ ਵੀ ਵਿਅਕਤੀ ਲਈ ਪਹੁੰਚਯੋਗ ਬਣਾਉਣ ਲਈ ਕੰਮ ਕਰ ਰਹੇ ਹਾਂ ਜਿਸਨੂੰ ਇਸਦੀ ਲੋੜ ਹੈ ਜਾਂ ਚਾਹੁੰਦਾ ਹੈ।

ਕਾਰਕੁਨ HIV ਮਹਾਂਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਗਿਲਿਅਡ ਨੂੰ ਕੀਮਤ ਵਿੱਚ ਭਾਰੀ ਕਟੌਤੀ ਕਰਨ ਦੀ ਅਪੀਲ ਕਰ ਰਹੇ ਹਨ।

ਲਿਵਰਪੂਲ ਯੂਨੀਵਰਸਿਟੀ ਦੇ ਐਂਡਰਿਊ ਹਿੱਲ ਨੇ ਕਿਹਾ, "ਉੱਚ-ਆਮਦਨ ਵਾਲੇ ਦੇਸ਼ ਵੀ 20,000 ਅਮਰੀਕੀ ਡਾਲਰ ਪ੍ਰਤੀ ਸਾਲ ਤੋਂ ਵੱਧ ਕੀਮਤਾਂ 'ਤੇ ਲੇਨਾਕਾਪਾਵੀਰ ਦੀ ਵਿਆਪਕ ਵਰਤੋਂ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ।" ਹਿੱਲ ਨੇ ਰਸਾਇਣ ਵਿਗਿਆਨੀਆਂ ਅਤੇ ਵਿਗਿਆਨੀਆਂ ਦੀ ਇੱਕ ਟੀਮ ਦੀ ਅਗਵਾਈ ਕੀਤੀ ਹੈ ਜਿਸ ਨੇ ਕਿਹਾ ਕਿ ਇਸ ਟੀਕੇ ਨੂੰ ਵੱਡੇ ਪੱਧਰ 'ਤੇ ਪੈਦਾ ਕੀਤਾ ਜਾ ਸਕਦਾ ਹੈ ਅਤੇ ਪ੍ਰਤੀ ਵਿਅਕਤੀ ਪ੍ਰਤੀ ਸਾਲ $25 ਤੋਂ ਘੱਟ ਕੀਮਤ 'ਤੇ ਵੇਚਿਆ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਅੰਡਰ-ਸੈਕਟਰੀ-ਜਨਰਲ ਵਿੰਨੀ ਬਯਾਨੀਮਾ ਨੇ ਅੱਗੇ ਕਿਹਾ, "ਮੈਂ ਗਿਲਿਅਡ ਅਤੇ ਅਮਰੀਕੀ ਭਾਈਵਾਲਾਂ ਨੂੰ ਇਸ ਮਹੱਤਵਪੂਰਨ ਨਵੀਨਤਾ ਨੂੰ ਅੱਗੇ ਵਧਾਉਣ ਲਈ ਵਧਾਈ ਦਿੰਦਾ ਹਾਂ। ਲੇਨਾਕਾਪਾਵੀਰ ਉਹ ਸਾਧਨ ਹੋ ਸਕਦਾ ਹੈ ਜਿਸਦੀ ਸਾਨੂੰ ਨਵੇਂ ਇਨਫੈਕਸ਼ਨਾਂ ਨੂੰ ਕੰਟਰੋਲ ਵਿੱਚ ਲਿਆਉਣ ਲਈ ਲੋੜ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਸਦੀ ਕੀਮਤ ਕਿਫਾਇਤੀ ਹੋਵੇ ਅਤੇ ਹਰ ਉਸ ਵਿਅਕਤੀ ਲਈ ਉਪਲਬਧ ਕਰਵਾਈ ਜਾਵੇ ਜੋ ਲਾਭ ਉਠਾ ਸਕਦਾ ਹੈ।"

Gurpreet | 21/06/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ