ਇਕ ਦਿਵਸ ਸੁਹਾਵਾ ਉੱਜਲਾ

ਆ ਖੜਾ ਅਸਾਡੇ ਦੁਆਰ

ਉਹਦੀ ਦੇਹੀ ਕਿਰਨ ਸੁਰਾਂਗਲੀ 

ਮੁਖ ਮਘਦਾ ਤੇਜ ਅਪਾਰ

ਉਹਨੇ ਰਿਸ਼ਮਾਂ ਬੰਬਲ ਜੋੜ ਕੇ 

ਸਭ ਦਿੱਤੀ ਧੂੜ ਬੁਹਾਰ

ਸਭ ਹੋਈ ਧਰਤ ਸੁਹਾਵੜੀ 

ਸਭ ਕੁੱਝ ਬਣੇ ਸ਼ਿੰਗਾਰ

ਤਕਦੀਰਾਂ ਜੋਬਨ ਵੰਤੀਆਂ 

ਲੈ ਆਈਆਂ ਲੱਖ ਉਪਹਾਰ

ਲਖ ਥਾਲੀਂ ਦੀਵੇ ਝਿਲਮਿਲੇ 

ਲਖ ਆਰਤੀ ਰਹੇ ਉਤਾਰ

ਸਾਡੇ ਕੁਲ ਮੁਸਕਾਏ ਬਿਰਹੜੇ 

ਸਭ ਹੰਝੂ ਗਏ ਸਿਧਾਰ

ਅਸਾਂ ਕਿਹਾ ਵੇ ਦਿਵਸ ਸੁਹਾਵਿਆ 

ਆ ਬਹੁ ਸਾਡੇ ਘਰ ਬਾਰ

ਉਸ ਕਿਹਾ ਕਿ ਦਿਵਸ ਨ ਬੈਠਦੇ

ਸਾਨੂੰ ਬਸ ਤੁਰਨਾ ਦਰਕਾਰ

ਅਸਾਂ ਕਿਹਾ ਕਿ ਦੇ ਜਾ ਦੋਸਤਾ

ਸਾਨੂੰ ਪਲ ਛਿਨ ਹੋਰ ਦੀਦਾਰ

ਉਸ ਕਿਹਾ ਕਿ ਉਹੀਓ ਦੋਸਤੀ 

ਜਿਹੜੀ ਦਰਸ਼ਨ ਤੋਂ ਵੀ ਪਾਰ

ਅਸੀਂ ਕਿਰਨਾਂ ਫੜਦੇ ਰਹਿ ਗਏ 

ਪਰ ਸਕੇ ਨ ਓਸ ਖਲ੍ਹਾਰ

ਉਹ ਇਕ ਦੁਸ਼ਾਲਾ ਧੁੱਪ ਦਾ

ਸਾਡੇ ਵਿਹੜੇ ਗਿਆ ਪਸਾਰ

ਧੁੱਪ ਚੁੰਮੇਂ ਤਾਂ ਫੁੱਲ ਜਨਮਦੇ 

ਕੁਲ ਖਾਕ ਬਣੇ ਗੁਲਜ਼ਾਰ

ਇਹ ਚਾਨਣ ਉਸ ਦੀ ਦੀਦ ਹੈ

ਇਹ ਫੁੱਲ ਉਹਦੇ ਇਕਰਾਰ

ਉਸ ਬਿਨ ਵੀ ਏਥੇ ਵੱਸਦਾ 

ਉਹਦਾ ਨਿੱਘਾ ਨਿੱਘਾ ਪਿਆਰ

📝 ਸੋਧ ਲਈ ਭੇਜੋ