ਮੇਰੇ ਦਰਵਾਜ਼ੇ ਤੇ ਅਗਨੀ ਦੀ ਦਸਤਕ ਹੈ 

ਇਕ ਭੀੜ ਰੌਸ਼ਨੀ ਦੀ 

ਮੇਰੇ ਘਰ ਤੁਰ ਕੇ ਆਈ ਹੈ 

ਇਕ ਪੁੰਨ ਜਿਹਾ ਚਾਨਣ 

ਸਾਹਾਂ ਵਿਚ ਰਚਨਾ ਚਾਹੁੰਦਾ ਹੈ 

ਇਕ ਸੂਹਾ ਸੂਹਾ ਦਿਨ

ਅੰਗਾਂ ਵਿਚ ਚੜ੍ਹਣਾ ਚਾਹੁੰਦਾ ਹੈ 

ਦਰਵਾਜ਼ਾ ਨਾ ਖੋਲ੍ਹਣ ਦੀ ਆਜ਼ਾਦੀ ਮੇਰੀ ਹੈ

ਆਵਾਜ਼ ਆ ਰਹੀ 

ਦਰਵਾਜ਼ਾ ਖੋਲ੍ਹ ਦਿਉ

ਇਕ ਚਾਨਣ ਦੀ ਕਲਗੀ

ਤੇਰੇ ਮਸਤਕ ਤੇ ਬਹਿਣਾ ਚਾਹੁੰਦੀ ਹੈ 

ਇਕ ਪੁੰਨ-ਪਵਿਤ ਜੋਤੀ 

ਤੇਰੇ ਘਰ ਰਹਿਣਾ ਚਾਹੁੰਦੀ ਹੈ

ਆਵਾਜ਼ ਆ ਰਹੀ ਹੈ :

ਅਗਨੀ ਦੇ ਬੰਬਲ ਸੰਗ

ਤੇਰੀ ਧਰਤ ਬਹਾਰ ਦਿਆਂ 

ਕੁਲ ਕਿਲਵਿਖ ਸਾੜ ਦਿਆਂ 

ਦਰਵਾਜ਼ਾ ਖੋਲ੍ਹ ਦਿਉ 

ਅਜ ਤੈਨੂੰ ਮਿਲਣ ਲਈ

ਇਕ ਅਗਨ ਸਰੋਵਰ ਤੁਰ ਕੇ ਆਇਆ ਹੈ 

ਅਗਨੀ-ਅਸ਼ਨਾਨ ਬਿਨਾ

ਕਿਹੜਾ ਕਦ ਸੁੰਦਰ ਹੋਇਆ ਹੈ

ਦਰਵਾਜ਼ਾ ਨਹੀਂ ਖੁਲ੍ਹਦਾ

ਅਜ ਹਰ ਦਰਵਾਜ਼ੇ ਤੇ ਭ੍ਰਿਸ਼ਟਾ ਦਾ ਪਹਿਰਾ ਹੈ

ਸਾਡੀਆਂ ਦੁਨੀਆਂ ਵਿਚੋਂ-

ਜੋ ਚਾਨਣ ਲੰਘਦਾ ਹੈ, 

ਬੁਝ ਕੇ ਹੀ ਲੰਘਦਾ ਹੈ

ਹਰ ਇਕ ਦੇ ਸਾਹਾਂ ਵਿਚ

ਚਾਨਣ ਦੀ ਜੋਤ ਨਹੀਂ, ਚਾਨਣ ਦਾ ਧੂੰਆਂ ਹੈ 

ਸਾਡੇ ਦਰਵਾਜ਼ੇ ਤੇ-

ਸ਼ਾਹ ਕਾਲੇ ਪਾਣੀ ਦਾ ਵਡਸਾਗਰ ਗਹਿਰਾ ਹੈ 

ਜੋ ਦਿਨ ਵੀ ਚੜ੍ਹਦਾ ਹੈ 

ਕਾਲਖ਼ ਵਿਚ ਡੁਬਦਾ ਹੈ 

ਕਿਸਮਤ ਦਾ ਉਦੈ ਕਾਲ

ਹੈ ਅਸਤਕਾਲ ਮਨ ਵਿਚ ਜਗਦੀ ਜੋਤੀ ਦਾ

ਸਾਡੀ ਦੁਨੀਆਂ ਅੰਦਰ 

ਜੋ ਕਿਸਮਤ ਕਾਲੀ ਹੈ 

ਉਹ ਕਰਮਾਂ ਵਾਲੀ ਹੈ

ਆਵਾਜ਼ ਆ ਰਹੀ ਹੈ

ਤੂੰ ਰੌਸ਼ਨੀਆਂ ਨੂੰ ਮਿਲਨੋਂ ਅਜ ਸੰਕੋਚੀ 

ਪਰ ਮੈਂ ਅਸਲੋਂ ਮਾਯੂਸ ਨਹੀਂ ਹਾਂ ਤੈਥੋਂ 

ਪਵਿਤਾ ਸੌਂ ਜਾਂਦੀ ਹੈ 

ਪਰ ਮਰਦੀ ਕਦੀ ਨਹੀਂ 

ਮੈਂ ਫਿਰ ਵੀ ਆਵਾਂਗੀ 

ਇਹ ਦਰ ਦੀਵਾਰ ਨਹੀਂ 

ਇਹ ਓੜਕ ਖੁਲ੍ਹੇਗਾ

ਅਜ ਦਸਤਕ ਚਲੀ ਗਈ

ਮੇਰੇ ਅੰਤਰਮਨ ਧੜਕ ਰਹੀ ਉਸ ਦੀ ਪਦਚਾਪ ਅਜੇ

ਹੁਣ ਉਹ ਕਦ ਆਵੇਗੀ ?

ਕਦ ਆਵੇਗਾ ਭ੍ਰਿਸ਼ਟਾ ਦੇ ਵਿਦਾ ਹੋਣ ਦਾ ਵੇਲਾ 

ਮੇਰੇ ਖੁਲ੍ਹੇ ਦਰਵਾਜ਼ੇ ਕਦ ਸੋਹੇਗੀ 

ਪਵਿਤਾ ਅਗਨਮੁਖੀ ?

📝 ਸੋਧ ਲਈ ਭੇਜੋ