ਬਹੁਤ ਚਿਰ ਤੋਂ ਮੇਰੇ ਅਖਵਾਨਿਆਂ ਵਿਚ ਅੱਖ ਨਹੀਂ ਸੀ
ਮੇਰੇ ਚਿਹਰੇ ਤੇ ਇਕ ਦਲਦਲ ਨਜ਼ਰ ਦੀ ਸੀ
ਜਿਹੜਾ ਇਸ ਰਾਹ 'ਚੋਂ ਲੰਘੇ ਝੁਲਸ ਕੇ ਢੇਰ ਹੋ ਜਾਏ
ਚਿਰਾਂ ਤੋਂ ਮੇਰਾ ਤਨ ਵੀ ਸਵਾਸ ਲੈਂਦਾ ਹੈ
ਰਤਾ ਵਿਸ਼ਵਾਸ ਨਾ ਸੀ
ਖ਼ਲਾ ਵਿਚ ਬੇਦਿਸ਼ਾਈਂ ਵਾਵਰੋਲੇ ਵਿਚਰਦੇ ਸਨ
ਚਿਰਾਂ ਤੋਂ ਇਕ ਨਿਪਤ੍ਰੀ ਜੂਨ ਤੋਂ ਵਧ
ਕੁਝ ਨਹੀਂ ਸੀ ਹੋਂਦ ਮੇਰੀ
ਸਗਲ ਸੰਸਾਰ ਸੀ ਇਕ ਧੁੱਪ ਦਾ ਸਾਗਰ
ਤੇ ਮੈਂ ਕੰਢੇ ਖਲੋਤੀ ਇਕ ਵਿਰਲ ਛਾਂ-ਰੇਖ
ਬਹੁਤ ਬੇਫ਼ਿਕਰ ਸਾਂ
ਮੈਥੋਂ ਮੇਰੀ ਛਾਂ ਮੰਗਦਾ ਕੋਈ ਨਹੀਂ
ਅਜ ਖ਼ਬਰ ਆਈ
ਕਿ ਤੂੰ ਮੈਨੂੰ ਮਿਲੇ ਬਿਨ ਤੁਰ ਗਿਆ
ਮੇਰੇ ਚਿਹਰੇ ਤੇ ਜੌੜਾਂ ਅੱਖੀਆਂ ਕਿਧਰੋਂ ਜਨਮ ਆਈਆਂ
ਪਹਿਲ ਵਾਰੀਂ ਮੈਨੂੰ ਲੱਗਾ :
ਮੇਰੇ ਚਿਹਰੇ ਤੇ ਝਿੰਮਣਾਂ ਨੇ
ਜਿਨ੍ਹਾਂ ਦੀ ਗੋਦ ਵਿਚ ਪਲ ਛਿਨ
ਕੋਈ ਤਿਪ ਖੇਡ ਸਕਦਾ ਹੈ
ਕਿਹੜਾ ਮੌਸਮ ਹੈ ਅਜ
ਦੇਹੀ 'ਚ ਹਉਕਾ ਝੂਮ ਉਠਿਆ ਹੈ
ਮੇਰੀ ਮਿੱਟੀ ਵੀ ਸਿਸਕੀ ਹੈ
ਬਹੁਤ ਚਿਰ ਬਾਦ ਜਾਤਾ ਮੈਂ
ਕਿ ਮੈਂ ਸਾਹਾਂ ਦਾ ਇਕ ਮਲਬਾ ਨਹੀਂ ਹਾਂ
ਸ੍ਰਿਜਨ ਵੀ ਹਾਂ, ਸ੍ਰਿਜਕ ਵੀ ਹਾਂ
ਨਿਪਤ੍ਰੇ ਰੁੰਡ ਦਾ ਕਰੜਾ ਜਿਸਮ ਲਹਿਰਾ ਗਿਆ
ਮੇਰੀ ਕਾਇਆ 'ਚ ਹੁਣ
ਸਾਵੀ ਬਨਸਪਤ ਦੀ ਲਹਕ ਹੈ
ਸਗਲ ਸੰਸਾਰ ਧੁੱਪ ਦੀ ਰੇਖ ਹੈ
ਜਿਹਦੇ ਕਦਮਾਂ 'ਚ ਮੈਂ ਇਕ ਲਹਿਰਦਾ
ਛਾਇਆ ਦਾ ਸਾਗਰ ਹਾਂ
ਮੇਰੇ ਝਿੰਮਣਾਂ 'ਚ ਤਿਪ, ਮਿੱਟੀ 'ਚ ਸਿਸਕੀ
ਸਾਹ ਵਿਚ ਹਉਕਾ
ਮੇਰੀ ਕਾਇਆ 'ਚ ਲਚਕੀਲੀ ਬਨਸਪਤ
ਤੇਰੇ ਜਾਵਣ ਤੋਂ ਪਹਿਲਾਂ ਕਿਸ ਜਗ੍ਹਾ ਸਨ ?
ਤੇਰੇ ਜਾਵਣ ਤੋਂ ਪਹਿਲਾਂ
ਹੋਂਦ ਸ਼ੱਕੀ ਸੀ, ਜਿਵੇਂ
ਨਵ-ਜਨਮਿਆ ਇਕ ਲੋਥੜਾ ਨਵ-ਮਾਸ ਦਾ
ਜੋ ਧੜਕਦੈ, ਰੋਂਦਾ ਨਹੀਂ ਹੈ
ਜਣਨਹਾਰੀ ਨੂੰ ਸੰਸਾ ਸੀ -
ਕਿ ਉਸ ਨੇ ਇਕ ਮਰਗ ਨੂੰ ਜਨਮ ਦਿੱਤਾ ਹੈ
ਤੇਰੇ ਜਾਵਣ ਦਾ ਦਿਨ
ਮੇਰੀ ਪਹਿਲ ਵਿਲਕਣ ਦਾ ਦਿਨ ਹੈ
ਭਰੋਸਾ ਹੈ ਕਿ ਹੁਣ ਜਿਉਂਦਾ ਵੀ ਹਾਂ
ਪਹਿਲ ਵਿਲਕਣ ਦੇ ਸਿਰਜਨਹਾਰ
ਤੇਰੇ ਤੁਰ ਜਾਣ ਦਾ ਦਿਨ
ਸੋਗ ਦਾ ਦਿਨ ਹੈ ?
ਖ਼ੁਸ਼ੀ ਦਾ ਹੈ ?
ਤੁਰਨ ਤੇਰਾ ਗਵਾਹੀ ਮੇਰੇ ਜੀਵਨ ਦੀ