ਕਲ੍ਹ ਖ਼ਬਰ ਆਈ

ਕਿ ਮੇਰੇ ਸਵਾਸ ਪੂਰੇ ਹੋ ਗਏ

ਮੈਂ ਮਰ ਗਿਆ

ਉਮਰ ਭਰ ਜੋ ਚਿਤਵਿਆ, ਜੋ ਸਿਰਜਿਆ

ਸਭ ਕੁਝ ਅਧੂਰਾ ਸੀ, ਅਪੂਰਾ ਸੀ

ਰੂਪ ਹਰ ਇਕ ਰੂਪਰੇਖਾ ਸੀ 

ਮੇਰੇ ਦਰ ਤੇ ਦਸਤਕਾਂ ਦੀ ਭੀੜ

ਮੇਰੇ ਘਰ ਵਿਰਲੇ ਜਹੇ ਦੀਦਾਰ ਦੀ ਵੀਰਾਨਗੀ ਭਰਪੂਰ 

ਪਿਆਰ ਸੱਦੇ ਵਾਅਦਿਆਂ ਦਾ ਦਾਨ

ਕਲ੍ਹ ਖ਼ਬਰ ਆਈ ਤਾਂ ਮੇਰਾ ਸੱਚ ਅਗੋਚਰ ਸੀ 

ਮੇਰਾ ਵਾਅਦਾ ਮਸਾਂ ਅਧਪੂਰ ਸੀ

ਹਜ਼ਾਰਾਂ ਦਸਤਕਾਂ ਲਈ ਦਰ ਅਜੇ ਅਧਬੰਦ ਸਨ 

ਜਾਂ ਬੰਦ ਸਨ

ਚਿਰਾਂ ਦੇ ਪਿਆਰ ਵੀ ਊਣੇ-ਵਿਹੂਣੇ ਹੋ ਗਏ ਸਨ 

ਪੁਰਾਣੇ ਮੀਤ ਦੇ ਧੜ ਤੇ ਨਵਾਂ ਸਿਰ ਸੋਭਦਾ ਸੀ 

ਮੇਰੀ ਪਹਿਚਾਨ ਵੀ ਹੈਰਾਨ ਸੀ

ਪਰ ਆਸਵੰਦ ਸੀ

ਆਸਵੰਦੀ ਵਿਚ ਮੇਰੀ ਹਿੰਮਤ ਨੂੰ ਮੁਕ ਜਾਣਾ ਪਿਆ 

ਮੀਤ ਨੂੰ ਮੁੜ ਮੀਤ ਵੇਖੇ ਬਿਨ ਮੇਰੀ ਅੱਖ ਸੌਂ ਗਈ 

ਵਾਅਦਿਆਂ ਅਧਪੂਰਿਆਂ ਦੇ ਸਵਾਸ ਪੂਰੇ ਹੋ ਗਏ

ਸੋਚਦਾ ਸਾਂ : 

ਕਲ ਮੇਰੇ ਰਾਹਾਂ ਤੇ

ਬੇਛਾਵੀਂ, ਨਿਪਤ੍ਰੀ ਚੁਪ ਬਿਨਾਂ ਕਿਹੜਾ ਦਿਸੇਗਾ ? 

ਹੁਣ ਕਿਸੇ ਨੂੰ ਵਾਅਦਿਆਂ ਤੇ

ਕਿਸ ਲਈ ਵਿਸ਼ਵਾਸ ਹੋਵੇਗਾ ?

ਅਜ ਮੇਰੇ ਰਾਹਾਂ ਤੇ ਸੰਘਣੀ ਸਿਸਕੀਆਂ ਦੀ 'ਛਾਂ

ਅਜ ਮੇਰੇ ਅਧ-ਸੁਪਨਿਆਂ ਨੂੰ

ਕੋਟ ਅੱਖਾਂ ਝਿੰਮਣੀਆਂ ਸੰਗ ਚੁਕ ਲਿਆ ਹੈ 

ਮੇਰੇ ਬਿਨ ਵਾਅਦੇ ਅਧੂਰੇ

ਪੂਰਤੀ ਵਲ ਸਰਕਦੇ ਮੈਨੂੰ ਦਿਸੇ ਹਨ

ਆਸ ਪਾਸੇ ਭੀੜ ਇਕਮੁਖ ਹੈ

ਕਰੋੜਾਂ ਧੜਕਣਾਂ ਵਿਚ ਬਸ ਮੇਰਾ ਪਹਿਚਾਨਿਆ ਦਿਲ ਹੈ 

ਆਸ ਪਾਸੇ ਇਕ ਮਹਾਂਸਾਗਰ ਹੈ ਮੇਰੀ ਹੋਂਦ ਦਾ

ਹੁਣ ਮੈਨੂੰ ਅਧਵਾਟ ਵਿਚ ਮੁਕ ਜਾਣ ਦਾ ਕੋਈ ਗ਼ਮ ਨਹੀਂ 

ਜਿਸ ਜਗ੍ਹਾ ਮੈਂ ਡੁੱਲ੍ਹਿਆਂ

ਉਸ ਜਗ੍ਹਾ ਕਣ ਕਣ ਚੋਂ

ਨਵੀਆਂ ਬੇਗਿਣਤ 'ਮੈਂ' ਜਨਮੀਆਂ

📝 ਸੋਧ ਲਈ ਭੇਜੋ