ਆ ਬਾਬਾ ਬਹਿ ਬਾਬਾ

ਜਰਾ ਸਾਡੇ ਕੋਲ ਵੀ ਬਹਿ ਬਾਬਾ ।

ਖਾ ਖਾ ਠੋਕਰਾਂ ਹੋਏ ਸਿਆਣੇ

ਕੋਈ ਗੱਲ ਸਿਆਣੀ ਕਹਿ ਬਾਬਾ ।

ਹੱਸ ਬਾਬਾ ਬੋਲ ਬਾਬਾ

ਛੁਪੇ ਭੇਦ ਦਿਲਾਂ ਦੇ ਖੋਲ ਬਾਬਾ ।

ਖੱਟੀਆਂ ਮਿਠੀਆਂ ਕੌੜੀਆਂ ਯਾਦਾਂ

ਦਿਲ ਵਿਚ ਤੇਰੇ ਲੱਖ ਫ਼ਰਿਆਦਾਂ ।

ਨਾ ਕੋਈ ਸਾਥੀ ਤੇ ਨਾ ਕੋਈ ਹਾਣੀ

ਤੇਰੀ ਬੀਤੀ ਤੂੰ ਹੀ ਜਾਣੀ ।

ਕੌਣ ਹੈ ਜੋ ਦੁੱਖ ਦਰਦ ਵੰਡਾਵੇ ।

ਕੌਣ ਹੈ ਜੋ ਤੇਰਾ ਸਾਥ ਨਿਭਾਵੇ ।

ਆ ਬਾਬਾ ਬਹਿ ਬਾਬਾ

ਕੋਈ ਗੱਲ ਸਿਆਣੀ ਕਹਿ ਬਾਬਾ ।

ਹੱਸਦਿਆਂ ਗਾਉਂਦਿਆਂ ਕੱਟਦੀ ਜਿੰਦਗੀ

ਹੱਸਦਾ ਗਾਉਂਦਾ ਰਹਿ ਬਾਬਾ ।

ਸਮਾਂ ਬਦਲਿਆ ਬਦਲੀ ਦੁਨੀਆ

ਤੂੰ ਦੁਨੀਆ ਨਾਲ ਨਾ ਖਹਿ ਬਾਬਾ ।

ਹੱਸ ਬਾਬਾ ਥੋੜ੍ਹਾ ਹੱਸ ਬਾਬਾ

ਨਾ ਬੀਤੀਆਂ ਪਿੱਛੇ ਨਸ ਬਾਬਾ ।

ਨਾ ਦੁਖਾਂ ਵਿਚ ਕੋਈ ਰਸ ਬਾਬਾ ।

ਨਵੀਂ ਦੁਨੀਆ ਦੇ ਨਵੇਂ ਰੰਗ

ਤੂੰ ਨਵੀਆਂ ਨੂੰ ਗਲ਼ ਲਾ ਬਾਬਾ ।

ਕੀ ਹੈ ਚੰਗਾ ਕੀ ਹੈ ਮੰਦਾ

ਕੋਈ ਚੰਗੀ ਗੱਲ ਸਮਝਾ ਬਾਬਾ ।

ਸਾਨੂੰ ਸਿੱਧੇ ਰਾਹੇ ਪਾ ਬਾਬਾ ।

ਰਹੇਂ ਦੂਰ ਦੂਰ ਕਿਉਂ ਪਰ੍ਹੇ ਪਰ੍ਹੇ

ਜਰਾ ਸਾਡਾ ਸਾਥ ਨਿਭਾ ਬਾਬਾ ।

ਕੋਈ ਰਮਜ ਇਸ਼ਕ ਦੀ ਲਾ ਬਾਬਾ ।

ਕੋਈ ਹੱਡ ਬੀਤੀ ਗੱਲ ਲਾ ਬਾਬਾ ।

ਆ ਬਾਬਾ ਬਹਿ ਬਾਬਾ

ਕੋਈ ਗੱਲ ਪਤੇ ਦੀ ਕਹਿ ਬਾਬਾ ।

ਆ ਬਾਬਾ ਗੱਲ ਲਾ ਬਾਬਾ

ਸਾਨੂੰ ਕਲੀਓਂ ਫ਼ੁੱਲ ਬਣਾ ਬਾਬਾ ।

ਸੱਚ ਗਿਆਨ ਦੀ ਬਣਕੇ ਜੋਤ

ਤੂੰ ਸਾਰਾ ਜੱਗ ਚਮਕਾ ਬਾਬਾ ।

ਜਾਂ ਬਣਕੇ ਫ਼ੁੱਲ ਗਿਆਨ ਮਹਿਕ ਦਾ

ਸਾਰਾ ਜੱਗ ਮਹਿਕਾ ਬਾਬਾ ।

ਆ ਬਾਬਾ ਖੰਘ ਬਾਬਾ

ਕੋਈ ਟੁੱਟੀ ਪੁਰਾਣੀ ਗੰਢ ਬਾਬਾ।

ਤੂੰ ਪਿਆਰ ਪਤਾਸੇ ਵੰਡ ਬਾਬਾ ।

ਆ ਬਾਬਾ ਬਹਿ ਬਾਬਾ

ਕੋਈ ਗੱਲ ਸਿਆਣੀ ਕਹਿ ਬਾਬਾ ।

ਆ ਬਾਬਾ ਹੱਸ ਬਾਬਾ

ਸੱਚਾ ਨਾਮ ਗੁਰਾਂ ਦਾ ਜੱਪ ਬਾਬਾ।

📝 ਸੋਧ ਲਈ ਭੇਜੋ