ਆ ਸੱਚੀਏ! ਰਲ਼ ਗੱਲਾਂ ਕਰੀਏ

ਆ ਸੱਚੀਏ! ਰਲ਼ ਗੱਲਾਂ ਕਰੀਏ 

ਮਨ ਮਚੀਏ! ਰਲ਼ ਗੱਲਾਂ ਕਰੀਏ 

ਰੂਹ ਰਚੀਏ! ਰਲ਼ ਗੱਲਾਂ ਕਰੀਏ 

ਕਿਹੜੀ ਗੱਲ ? 

ਲੱਲ ਵਲੱਲੀਆਂ ਗੱਲਾਂ ਵਿਚੋਂ 

ਕਿਹੜੀ ਗੱਲ ? 

ਅੰਦਰ ਵਗਦੇ ਝੱਲਾਂ 

ਵਿਚੋਂ ਕਿਹੜੀ ਗੱਲ ?

ਜਨਮੋ ਜਨਮੀ ਖੇਡਣ ਵਾਲੀ ਰੂਹ ਦੀ ਗੱਲ 

ਤੇਰੀ ਮੇਰੀ ਹਿੱਕ 'ਚ ਲੱਗੀ ਧੂਹ ਦੀ ਗੱਲ

ਗੱਲ, ਜੋ ਸਾਡੇ ਜੀਵਨ ਦਾ ਸਰਨਾਂ ਹੋਵੇ 

ਰੂਹ ਦੇ ਵਿਹੜੇ ਉੱਗੇ ਰੁੱਖ ਦੀ ਛਾਂ ਹੋਵੇ 

ਸੀਨੇ ਧੁਖਦੀ ਧੂਨੀ ਦਾ ਕੋਈ ਨਾਂ ਹੋਵੇ 

ਮੁੱਕਦੇ ਜਾਂਦੇ ਸਾਹ ਨੂੰ ਸੁੱਖ ਸਨਾਹ ਹੋਵੇ 

ਨਾਂਹ ਨਾਂਹ ਕਰਦੀ ਚੁੱਪ, ਸਦੀਵੀ ਹਾਂ ਹੋਵੇ 

ਇੱਕ ਟੱਪਰੀ ਦਾ ਜੀਵਨ, ਧਰਤ ਗਰਾਂ ਹੋਵੇ

ਚੰਨ ਸੂਰਜ ਦੀ ਇੱਕ ਦੂਜੇ ਹੱਥ ਬਾਂਹ ਹੋਵੇ 

ਜੰਮ ਜੰਮ ਲਾਈਏ ਤਾਰੀ, ਇਸ਼ਕ ਝਨਾਂ ਹੋਵੇ 

ਇਸ਼ਕ ਅਸਾਡੇ ਜੀਵਨ ਦਾ ਸਰਨਾਂ ਹੋਵੇ 

ਆ ਸੱਚੀਏ ਰਲ਼ ਗੱਲਾਂ ਕਰੀਏ 

ਮਨ ਮਚੀਏ ਰਲ਼ ਗੱਲਾਂ ਕਰੀਏ 

ਆ ਜੀਵਨ ਦਾ ਲੇਖਾ ਭਰੀਏ

📝 ਸੋਧ ਲਈ ਭੇਜੋ