ਆ ਸੱਜਣਾ ਤੈਨੂੰ ਗੱਲ ਦੱਸਾਂ
ਵੇਖੀ ਸੁਣ ਕੇ ਦਿਲੋਂ ਭੁਲਾਈਂ ਨਾ ॥
ਖਾਲੀ ਹੱਥ ਆਇਆ ਵਿੱਚ ਜਹਾਨ ਦੇ
ਦੌਲਤ ਲੋੜ ਤੋਂ ਵੱਧ ਕਮਾਈਂ ਨਾ ॥
ਇਹ ਜੱਗ ਮੋਹ ਮਾਇਆ ਦਾ ਜਾਲ
ਫੋਕੀਆਂ ਚਮਕਾਂ ਤੇ ਡੁੱਲ੍ਹ ਜਾਈਂ ਨਾ ॥
ਕਰਮ ਕਰੀਂ ਕਿ ਲੋਕ ਕਰਨ ਯਾਦ ਤੈਨੂੰ
ਮਹੱਲ ਪਾਪ ਦੀ ਨੀਂਹ ਤੇ ਬਣਾਈ ਨਾ ॥
ਮਿਲੇ ਖੁਸ਼ੀ ਦੇ ਪਲ ਸਾਂਭ ਸਾਂਭ ਰੱਖੀਂ
ਖੁਸ਼ੀਆਂ ਦੇਖ ਕੇ ਗ਼ਮ ਭੁਲਾਈਂ ਨਾ ॥
ਦੁੱਖ ਮਿਲੇ ਹੱਸ ਹੱਸ ਸਹਿ ਜਾਵੀਂ
ਕਿਤੇ ਦੁੱਖਾਂ ਨੂੰ ਦੇਖ ਘਬਰਾਈਂ ਨਾ ॥
ਪਲ ਦੁੱਖਾਂ ਦੇ ਸੁੱਖਾਂ ਵਾਂਗ ਬੀਤ ਜਾਂਦੇ
ਰੱਖੀਂ ਯਾਦ ਰੱਬ ਨੂੰ ਭੁਲਾਈਂ ਨਾ ॥
ਇਹ ਜੱਗ ਝੂੱਠਾ ਝੂਠੀਆਂ ਯਾਰੀਆਂ ਨੇ
ਮਤਲਬੀ ਲੋਕਾਂ ਯਾਰ ਬਣਾਈ ਨਾ ॥
ਹੱਕ ਸੱਚ ਦੀ ਸਦਾ ਕਮਾਈ ਕਰੀਂ
ਐਂਵੇ ਖੂੰਨ ਨੂੰ ਮੂੰਹ ਤੂੰ ਲਾਈਂ ਨਾ ॥
ਬਣ ਮਾਲੀ ਬਾਗਾਂ ਦੀ ਕਰੀਂ ਰਾਖੀ
ਬੋਈਂ ਫੁੱਲ ਕਿਤੇ ਕੰਡੇ ਉਗਾਈਂ ਨਾ ॥
ਬੋਲੀਂ ਮਿੱਠਾ ਤੇ ਕਰੀਂ ਸਤਿਕਾਰ ਸਭ ਦਾ
ਮੰਦਾ ਬੋਲ ਕੇ ਦਿਲ ਕੋਈ ਦੁਖਾਈਂ ਨਾ ।