ਆ ਤੇਰੇ ਨਾਲ ਅੱਖੀਆਂ

ਆ ਤੇਰੇ ਨਾਲ ਅੱਖੀਆਂ ਚਾਰ ਕਰਾਂ, 

ਆ ਰਤਾ ਤੈਨੂੰ ਸਰਮਸਾਰ ਕਰਾਂ। 

ਨੈਣ ਵਿਚ ਜੋਤ ਵੀ ਚਮਕ ਵੀ ਹੈ, 

ਹੰਝੂ ਹੋਵੇ ਤਾਂ ਜਿੰਦ ਨਿਸਾਰ ਕਰਾਂ ।

ਮੈਂ ਤਾਂ ਬੰਦੇ ਨੂੰ ਸਮਝਦਾ ਹਾਂ ਖ਼ੁਦਾ, 

ਕਿੱਥੇ ਬੰਦਾ ਹੈ ਨਮਸਕਾਰ ਕਰਾਂ । 

ਜਿਸ ਨੂੰ ਪਤਝੜ ਦਾ ਡੰਗ ਨਾ ਪੋਹੇ, 

ਜਿੰਦ ਉਸਦੀ ਨੂੰ ਕਿਉਂ ਬਹਾਰ ਕਰਾਂ । 

ਜਿਹੜੇ ਰਸਤੇ ਅੰਗਾਰ ਨ ਕੋਈ, 

ਉਸ ਤੋਂ ਰਾਹੀ ਨੂੰ ਹੋਸ਼ਿਆਰ ਕਰਾਂ । 

ਸੁਪਨੇ ਸੋਹਣੇ ਨੇ ਪਰ ਛਲਾਵਾ ਨੇ, 

ਜਾਗ ਸੁਪਨੇ ਤਿਰੇ ਸਕਾਰ ਕਰਾਂ। 

ਕੁਝ ਤਾਂ ਦੁਨੀਆਂ ਨੂੰ ਵੇਖ ਚੁੱਕਾ ਹਾਂ, 

ਫਿਰ ਵੀ ਦੁਨੀਆਂ ਤੇ ਏਤਬਾਰ ਕਰਾਂ । 

ਅਜ ਜ਼ਮਾਨੇ ਤੇ ਮਿਹਰਬਾਨ ਹਾਂ ਮੈਂ, 

ਅੱਜ ਜ਼ਮਾਨੇ ਨੂੰ ਬੇਕਰਾਰ ਕਰਾਂ ।

📝 ਸੋਧ ਲਈ ਭੇਜੋ