ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਆ ਵੇ ਲੈ ਜਾ ਚੇਤਰ ਮਾਹੀ
ਆ ਮੈਂ ਦੇਵਾ ਫੁੱਲ ਵੇ ਸੂਹੇ,
ਵੇਖ ਮੁਬਾਰਕ ਰੁੱਤਾਂ ਹੋਈਆ
ਚਾਰੇ ਪਾਸੇ ਫੁੱਲ ਖਿੜੇ ਨੇ,
ਫੁੱਲਾਂ ਨੂੰ ਲੈ ਕੇ ਜੰਗ ਛਿੜੀ ਹੈ
ਤਿੱਤਲੀ ਭੌਰੇ ਫੇਰ ਭਿੜੇ ਨੇ,
ਆਕਲ ਦੱਸਣ ਖੁਦ ਨੂੰ ਉਹ
ਜਿਹੜੇ ਸੱਪ ਤੇ ਠੂਹੇ,
ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਵਾਲਾਂ ਦੇ ਵਿੱਚ ਰਾਤਰ ਖੇਡੇ
ਮੱਥਿਆਂ ਦੇ ਵਿੱਚ ਚਾਨਣ ਨੀ,
ਉਹੀ ਆਪਣੀ ਸੂਰਤ ਗਵਾਵੇ
ਜਿਹੜੇ ਉਹਨੂੰ ਜਾਣਨ ਨੀ,
ਵਿੱਚ ਪਤਾਲਾਂ ਵੱਸਿਆ ਲੱਗਦਾ
ਦੱਸ ਤੂੰ ਪਿੰਡ ਦੀਏ ਜੂਹੇ,
ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਗੀਤ ਮੇਰੇ ਮੈਨੂੰ ਅਕਲਾਂ ਦੱਸਣ
ਮੇਰੀ ਮੱਤ ਨਿਆਣੀ ਹੂ,
ਨਾ ਮੈਂ ਤੋਲਾ ਮਾਸਾ ਹੋਈ ਹਾਂ
ਨਾ ਮੈਂ ਹੋਈ ਸਿਆਣੀ ਹੂ,
ਪੜ੍ਹਨੇ ਪਾਇਆ ਵਿੱਚ ਮਦਰੱਸੇ
ਕੱਲਾ ਊੜਾ ਅੰਬਰ ਛੂਹੇ,
ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਲੱਜ ਆਈ ਮੈਨੂੰ ਉਸ ਰੁੱਤੇ ਵੇ
ਜਦ ਤੂੰ ਅੱਖਰ ਚੁੰਮੇ,
ਮੈਂ ਕੀ ਦੱਸਾ ਹੋਰ ਕਹਾਣੀ
ਕਿੰਨ੍ਹੇ ਅੰਬਰ ਘੁੰਮੇ,
ਕਵਿਤਾ ਦਾ ਰਾਹ ਦੂਰ ਬੜਾ ਹੈ
ਲੱਖਾ ਸੁੱਕ ਗਏ ਖੂਹੇ,
ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਦੂਣ ਸਵਾਈ ਹੋਈ ਮੈਂ ਉਸ ਦਿਨ
ਜਦ ਤੂੰ ਬੂਹੇ ਲੰਘੇ,
ਮੇਰੀ ਉਲਝਣ ਸੰਵਰ ਗਈ ਹੈ
ਜਦ ਤੂੰ ਫੇਰੇ ਕੰਘੇ,
ਭੱਠ ਵਿੱਚ ਪੈਣ ਨਿਮਾਜ਼ਾਂ, ਰੋਜੇ
ਅਦਨ ਬਾਗ ਦੀਏ ਰੂਹੇ,
ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਕਦੇਂ ਤੱਤੜੀ ਦੇ ਬੂਹੇ,
ਆ ਵੇ ਲੈ ਜਾ ਚੇਤਰ ਮਾਹੀ
ਆ ਮੈਂ ਦੇਵਾ ਫੁੱਲ ਵੇ ਸੂਹੇ ।