(22 ਫਰਵਰੀ 2016 ਨੂੰ ਮੂਰਥਲ ਵਿਖੇ ਹੋਏ ਹੋਈਆਂ ਸਮੂਹਕ
ਬਲਾਤਕਾਰ ਦੀਆਂ ਹੌਲਣਕ ਘਟਨਾਵਾਂ ਤੋਂ ਪ੍ਰਭਾਵਤ ਔਰਤਾਂ ਨੂੰ
ਸਮਰਪਿਤ )
ਮੈਂ ਜੋ ਦਰੋਪਦੀ ਹਾਂ
ਸਿਰਫ਼ ਦਰੋਪਦੀ ਨਹੀਂ ਹਾਂ
ਆਦਿ ਅਧੂਰੀ
ਪੂਰੀ ਔਰਤ ਜਾਤ ਦੀ ਅਧੋਗਤੀ ਹਾਂ
ਮੇਰਾ ਮਹਾਂਭਾਰਤ ਤਾਂ ਜੁਗਾਂ-ਜੁਗਾਂਤਰ
ਪਹਿਲਾਂ ਸ਼ੁਰੂ ਹੋਇਆ ਸੀ
ਤੇ ਅਜੇ ਤੀਕ ਜਾਰੀ ਹੈ
ਮੇਰੇ ਇਸ ਮਹਾਂਭਾਰਤ ਦਾ ਖੇਤਰ
ਸਿਰਫ਼ ਕੁਰਖੇਤਰ ਨਹੀਂ
ਇਸ ਵਿੱਚ ਪੂਰੇ ਦਾ ਪੂਰਾ ਹਿੰਦ ਸਿੰਧ
ਸਭ ਸ਼ਾਮਲ ਨੇ
ਇਸ ਵਿੱਚ ਸਿਰਫ਼ ਜੂਏਬਾਜ ਕੌਰਵ ਜਾਂ ਪਾਂਡਵ ਹੀ ਨਹੀਂ
ਹਰ ਕੋਈ ਲੁੱਚਾ ਲਫ਼ੰਗਾ , ਹੁੱਲੜਬਾਜ, ਮੁਸ਼ਟੰਡਾ
ਜਾਂ ਅੱਥਰਾ ਹਜੂਮ ਵੀ ਸ਼ਾਮਲ ਹੋ ਸਕਦਾ ਹੈ
ਤੇ ਮੇਰੇ ਲਈ ਲਾਹੌਰ , ਪਿਸ਼ੌਰ , ਫਿਲੌਰ ,ਦਿੱਲੀ ਮੋਗਾ ,ਮੂਰਥਲ਼
ਦੇ ਕਿਸੇ ਵੀ ਸ਼ਹਿਰ ਗਰਾਂ ਗਲ਼ੀ ਮੁਹੱਲੇ
ਕਿਤੇ ਵੀ ਕੁਰੂਖੇਤਰ ਰਚ ਸਕਦਾ ਹੈ
ਤੇ ਮੈਨੂੰ ਨਿਰਵਸਤਰ ਕਰਕੇ
ਕਦੇ ਵੀ ਦਾਅ ਤੇ ਲਾ ਸਕਦਾ ਹੈ
ਜਾਂ ਖੁਦ ਦਾਅ ਲਾ ਸਕਦਾ ਹੈ...
ਕਿਤੇ ਮੈਂ ਨਿਰਭੈਆ ਹੁੰਦੀ ਹਾਂ ਕਿਤੇ ਜੈਨਬ ਜਾਂ ਅਸਿਫ਼ਾ
ਜਾਂ ਅਜਿਹਾ ਕੋਈ ਹੋਰ ਨਾਉਂ ਹੁੰਦੀ ਹਾਂ
ਇਸ ਸਾਰੇ ਦੇ ਸਾਰੇ ਮਹਾਨ ਭਾਰਤ ਵਿੱਚ
ਕਿਤੇ ਵੀ ਮੇਰੇ ਲਈ ਮਹਾਂਭਾਰਤ ਰਚਿਆ ਜਾ ਸਕਦਾ ਹੈ
ਇਸ ਸਾਰੇ ਦੇ ਸਾਰੇ ਖੇਤਰ ਵਿੱਚ ਕੋਈ ਵੀ ਖੇਤਰ
ਮੇਰਾ ਕੁਰਖੇਤਰ ਹੋ ਸਕਦਾ ਹੈ
ਸਾਰੇ ਦੇ ਸਾਰੇ ਯੁੱਗਾਂ ਵਿੱਚੋਂ
ਕਿਸੇ ਵੀ ਯੁੱਗ ਵਿੱਚ ਮੇਰੀ ਆਦਿ ਅਧੂਰੀ ਹੋਣੀ ਦੀ
ਗਾਥਾ ਲਿਖੀ ਜਾ ਸਕਦੀ ਹੈ
ਹਰ ਯੁੱਗ ਹੀ ਮੇਰਾ ਕੁਰਖੇਤਰ ਹੈ
ਇਹ ਸਤਿਯੁਗ ,ਦੁਆਪਰ ਤ੍ਰੇਤਾ ਸਭ ਤੁਹਾਡੇ ਯੁੱਗ ਨੇ
ਮੇਰਾ ਹਮੇਸ਼ਾ ਕਲਯੁਗ ਹੀ ਰਿਹਾ ਹੈ
ਹਰ ਯੁੱਗ ਦਾ ਹਰ ਯੁੱਧ
ਮੇਰਾ ਕੁਰਖੇਤਰ ਹੈ
ਯੁੱਗ ਕੋਈ ਵੀ ਹੋਵੇ
ਯੁੱਧ ਕੋਈ ਵੀ ਹੋਵੇ
ਜਿੱਤ ਕਿਸੇ ਦੀ ਵੀ ਹੋਵੇ
ਮੇਰੀ ਹਾਰ ਪਹਿਲਾਂ ਹੀ ਤੈਅ ਹੁੰਦੀ ਹੈ
ਹਰ ਯੁੱਗ 'ਚ ਹਰ ਯੁੱਧ 'ਚ ਮੈਂ ਇਨਸਾਨ ਨਹੀਂ
ਲੁੱਟਣਯੋਗ ਸਮਾਨ ਹੁੰਦੀ ਹਾਂ
ਹਰ ਜਿੱਤ ਦੇ ਜਸ਼ਨ
ਤੇ ਹਾਰ ਦੀ ਮਾਰ
ਮੇਰੇ ਜਿਸਮ ਤੇ ਪੈਣੀ
ਤੇ ਮੇਰੀ ਰੂਹ ਨੇ ਸਹਿਣੀ ਹੀ ਹੁੰਦੀ ਹੈ
ਮੈਂ ਕੱਲ੍ਹ ਵੀ ਦਰੋਪਦੀ ਸਾਂ
ਅੱਜ ਵੀ ਦਰੋਪਦੀ ਹਾਂ...
ਤੇ ਮੈਂ ਜੋ ਦਰੋਪਦੀ ਹਾਂ
ਸਿਰਫ਼ ਦਰੋਪਦੀ ਨਹੀਂ ਹਾਂ
ਆਦਿ ਅਧੂਰੀ, ਪੂਰੀ ਔਰਤ ਜਾਤ ਦੀ
ਅਧੋਗਤੀ ਹਾਂ