ਆਦਿ ਸੱਚ ਜੁਗਾਦਿ ਸੱਚ

1. 

ਸੱਚ ਦਾ ਨਾ ਆਦਿ ਹੈ ਨਾ ਅੰਤ ਹੈ।

ਕਿਵੇਂ ਕੋਈ ਲੱਭ ਸਕਦਾ ਹੈ ਚੱਕਰ ਦਾ ਸਿਰਾ?

ਸੱਚ ਨਾ ਜੰਮਦਾ ਤੇ ਨਾ ਮਰਦਾ ਹੈ।

ਅਕਾਲ ਦੀ ਸੀਮਾ ਕਦੇ ਕਾਲ ਨਹੀਂ ਹੁੰਦੀ।

2. 

ਹਰ ਯੁੱਗ ਦਾ ਸੱਚ ਉਸ ਯੁੱਗ ਦੀ ਸਾਖੀ ਹੁੰਦਾ ਹੈ।

ਪਰ ਸੱਚ ਨੂੰ ਲੱਭ ਸਕਿਆ ਨਾ ਅਜੇ ਮਨੁੱਖ।

ਧਰਤ ਡਿਗੇ ਸੇਬ ਨੂੰ ਵੇਖ ਨਿਯੂਟਨ ਨੇ ਸੋਚਿਆ।

ਇਸ ਦਾ ਕੀ ਸੱਚ ਹੈ?

ਧਰਤ ਖਿੱਚ ਦਾ ਨਿਯਮ ਇਸ ਤੋਂ ਸਿਰਜਿਆ।

ਕਈ ਸਦੀਆਂ ਲਈ ਸੌਂ ਗਿਆ ਸੱਚ ਦਾ ਸਰੂਪ।

3. 

ਵੀਹਵੀਂ ਸਦੀ ਕਲਜੁਗ ਦਾ ਯੁੱਗ ਹੈ।

ਬਾਬੇ ਨੇ ਕਿਹਾ ਸੱਚ ਦਾ ਚੰਦਰਮਾ ਅਲੋਪ ਹੈ।

ਪੁਲਾੜੀ ਯਾਤਰੀ ਨੇ ਇਕ ਡੰਡੀ ਪਾ ਦਿਤੀ,

ਚੰਦ ਦੀ ਧਰਤੀ ਦਾ ਇਹ ਸੱਚ ਹੈ।

4. 

ਆਇਨਸਟਾਈਨ ਨੇ ਇਕ ਹੋਰ ਦੁਨੀਆਂ ਦੀ ਸਿਰਜਣਾ ਕੀਤੀ,

ਜਿਸ ਦੀ ਕਚਹਿਰੀ ਵਿਚ ਨਿਊਟਨ ਝੁਠਲਾਇਆ ਗਿਆ।

ਕਈ ਕਹਿਣ ਦੇ ਦਿਉ ਮੌਤ ਦੀ ਸਜਾ,

ਇਸ ਦਾ ਕਸੂਰ ਨਾ-ਕਾਬਲੇ ਮੁਆਫ਼ ਹੈ।

ਸਦੀਆਂ ਲਈ ਸੁੱਤਾ ਵਿਗਿਆਨ ਮੁੜ ਜਾਗਿਆ,

ਆਇਨਸਟਾਈਨ ਨੇ ਜਦੋਂ ਸਮੇਂ ਦੀ ਧੁੰਧ ਦਾ ਪੜਦਾ ਫਾੜਿਆ।

5. 

ਕੌਣ ਕਹੇ ਕਲਯੁੱਗ ਵਿਚ ਮਰਦਾ ਹੈ ਸੱਚ,

ਸੱਚ ਨਾਲ ਪ੍ਰਯੋਗ ਕਰਦਾ ਰਿਹਾ ਹੈ ਮਨੁੱਖ।

ਸੱਠ ਸਾਲ ਦੀ ਉਮਰ ਵਿਚ ਕੰਵਾਰ ਕੰਨਿਆ ਨਾਲ

ਸੌਣ ਵਾਲਾ ਤਾਂ ਬ੍ਰਹਮਚਾਰੀ ਹੈ।

ਕੌਣ ਕਰ ਸਕਦਾ ਹੈ ਗਿਲਾ ਇਸ ਦੀ ਸਚਾਈ ਉਪਰੇ?

ਜਦ ਕਿਹਾ ਮੈਂ ਵੀ ਸੁੱਤਾ ਤੀਹ ਸਾਲ ਦੀ ਉਮਰ ਵਿਚ,

ਸਭ ਨੇ ਕਿਹਾ ਇਹ ਝੂਠ ਹੈ, ਮੈਂ ਕੋਈ ਮਹਾਤਮਾ ਜੋ ਨਹੀਂ।

6. 

ਅੱਜ ਸੱਚ ਦੀ ਰੱਖਿਆ ਦੀ ਲੋੜ ਹੈ।

ਅੱਜ ਕਰੋ ਅਗਨ ਪ੍ਰੀਖਿਆ ਮੁੜ ਜਾਰੀ।

ਵਿਗਿਆਨ ਤਾਂ ਨਹੀਂ ਲੱਭ ਸਕਿਆ ਸੱਚ ਦਾ ਸਰੂਪ।

ਭਲਾ ਲੱਭ ਕਿਵੇਂ ਸਕਦੇ ਹਨ ਸੱਚ ਦਾ ਸਰੂਪ?

ਲੱਭਣ ਨਾ ਜਾਣ ਜੋ ਅਜੇ ਆਪੇ ਦਾ ਭੇਦ।

📝 ਸੋਧ ਲਈ ਭੇਜੋ