ਤੂੰ ਮੇਰੀ
ਚੜ੍ਹਦੀ ਜਵਾਨੀ ਦੀ ਗੁਪਤ ਅਰਦਾਸ ਸੀ
ਸੁਤ-ਉਨੀਂਦੀ ਚੁੱਪ ਵੇਲੇ
ਦਿਲ ਹੀ ਦਿਲ ਵਿਚ
ਰੱਬ ਦੀ ਰਚਨਾ ਤੋਂ ਤੈਨੂੰ ਮੰਗਦਾ ਸਾਂ
ਆਪਣੇ ਬੋਲਾਂ ਤੋਂ ਝਿਜਕਦਾ ਸੰਗਦਾ ਸਾਂ
ਤੂੰ ਮੇਰੀ
ਪਲ ਪਲ ਛਲਾਵੀ ਆਸ ਸੀ
ਪਲ 'ਚ ਹੋ ਜਾਂਦੀ ਦੁਰਾਡੀ
ਜੂਨ ਦੀ ਹੱਦੋਂ ਪਰੇਰੇ
ਪਲ 'ਚ ਲੱਗਦੀ ਪਾਸ ਸੀ
ਆਪਣੇ ਸਾਹਾਂ ਤੋਂ ਨੇੜੇ
ਰੰਗ ਬਰੰਗੇ ਬੰਟਿਆਂ ਦੇ ਪੁਗਣ ਵਰਗਾ ਕਿਆਸ ਸੀ
ਚਿੱਤ ਹੋ ਜਾਂਦਾ ਸੀ ਜਿੱਕਣ ਪਲ 'ਚ ਮੀਰੀ ਪਲ 'ਚ ਫਾਡੀ
ਉਸ ਛਲਾਵੀ ਆਸ ਨੂੰ ਵੀ
ਵੱਸ ਕਰ ਕੇ ਵਰ ਲਿਆ ਮੈਂ
ਜੂਨ ਦੀ ਹੱਦ ਨੂੰ ਜਿਵੇਂ ਸਰ ਕਰ ਲਿਆ ਮੈਂ
ਤੂੰ ਮੇਰੇ ਲਈ ਹੋ ਗਈ ਵਿਸ਼ਵਾਸ ਸੀ
ਜਿਸਮ ਦਾ ਆਨੰਦ ਹੀ ਨਹੀਂ
ਜਿਸ ਤਰ੍ਹਾਂ ਮੰਤਵ ਚੁਰਾਸੀ ਗੇੜ ਦਾ
ਤੇ ਜ਼ਿੰਦਗੀ ਦਾ ਅਰਥ ਸੀ ਤੇਰਾ ਮੁਹੱਬਤ
ਨਾ ਰਹੀ ਰਚਨਾ ਪਰਾਈ ਓਪਰੀ
ਨਾ ਹੀ ਮੈਂ ਰਚਨਾ 'ਚ ਲੱਗਦਾ ਗ਼ੈਰ ਸੀ
ਇਕ ਤੇਰੀ ਰਹਿਮਤ ਦਾ ਸਦਕਾ
ਮੇਰਾ ਦਿਲ ਨਿਰਭਉ ਅਤੇ ਨਿਰਵੈਰ ਸੀ
ਭੀੜ ਬਿਪਤਾਂ ਵਿਚ ਜਿਵੇਂ
ਬਸ ਤੇਰਾ ਹੀ ਧਰਵਾਸ ਸੀ
ਤੂੰ ਮੇਰੇ ਲਈ ਹੋ ਗਈ ਵਿਸ਼ਵਾਸ ਸੀ
ਹੁਣ ਤਾਂ ਆਯੂ ਢਲ ਗਈ ਹੈ
ਤੂੰ ਮੇਰੇ ਲਈ ਹੁਣ ਗੁਪਤ ਅਰਦਾਸ ਨਹੀਂ
ਪਲ ਪਲ ਛਲਾਵੀ ਆਸ ਨਹੀਂ
ਵਿਸ਼ਵਾਸ ਨਹੀਂ
ਹੁਣ ਤਾਂ ਤੇਰੀ
ਪੈ ਗਈ ਮੈਨੂੰ ਜਿਵੇਂ ਆਦਤ ਜਹੀ ਹੈ
ਪਰ ਕਦੀ ਇਉਂ ਜਾਪਦਾ ਹੈ
ਸਾਹ ਹਵਾ ਵਿਚ ਲੈਣ ਵਾਂਗੂੰ
ਅਸਲ ਵਿਚ ਹੁਣ ਤੂੰ ਮੇਰੀ ਹੋਂਦ ਦਾ ਅਧਾਰ ਏਂ
ਕੌਣ ਕਹਿੰਦਾ ਹੈ ਹਵਾ ਨੂੰ :
‘ਮੈਂ ਤੇਰਾ ਮਸ਼ਹੂਰ ਹਾਂ।'