ਕਲਵਲ ਕਸਕ ਚੀਰ ਅਧਰੈਣੀ 

ਆਈ ਦੂਰ ਉਜਾੜੋਂ

ਭੈਅ ਦੀ ਤੰਦ ਜਾਨ ਨੂੰ ਵਲਦੀ 

ਘੋਰ ਗੁਫ਼ਾਵਾਂ ਪਾਰੋਂ।

ਭਾਰੀ ਹੌਲ ਨੀਂਦ 'ਤੇ ਕਟਕੇ

ਲਹੂ ਕਾਲ ਦੇ ਛਾਣੀ,

ਛੁਪੀ ਨੇਸ ਜਿਗਰ ਵਿਚ ਪੁੜਕੇ

ਧੂੰਹਦੀ ਭੰਵਰ ਭਿਆਣੀ।

ਬੋਟਾਂ ਵਾਂਗੂੰ ਨੀਂਦ 'ਚ ਰੁਲਦੇ

ਜ਼ਖ਼ਮੀ ਨਾਦ ਹਜ਼ਾਰਾਂ,

ਇਕ ਹੌਕੇ ਇਕ ਸਾਹ ਤੋਂ ਖ਼ਾਲੀ

ਥਲ ਵਿਚ ਖੁੱਭੀਆਂ ਦਾਰਾਂ।

ਬਿਸਮਿਲ ਭੁੱਲਿਆਂ ਰਾਹੀਆਂ ਨੂੰ ਮੈਂ

ਬੇਬਸ ਧੁੰਦ 'ਚ ਦੇਖਾਂ,

ਯਾਦ-ਕੰਠ 'ਚੋਂ ਫੁੱਟ ਨ ਸੱਕਣ 

ਰੋ ਬਿਰਹੋਂ ਦੀਆਂ ਹੇਕਾਂ।

ਮੌਤ-ਗਜ਼ਬ ਤੋਂ ਕੋਟ ਕੋਹਾਂ ਉਡ 

ਕੰਕਰ ਹੋਏ ਬਾਜ਼ਾਰਾਂ,

ਮੇਰੀ ਬੇਹੋਸ਼ੀ ਤੇ ਲੱਦੀਆਂ 

ਮੋਈਆਂ ਭੁੱਲੀਆਂ ਡਾਰਾਂ।

ਥਲਾਂ ਦੇ ਸੀਨੇ ਸੁੱਕ ਸੁੱਕ ਬੁਝੀਆਂ 

ਕਹਿਕਸ਼ਾਂ ਦੀਆਂ ਸ਼ਾਖਾਂ; 

ਆਦਮ-ਦਿਹੁੰ ਦੀ ਲਾਲੀ ਤੋਂ ਲੈ 

ਹਸ਼ਰਾਂ ਤੀਕਣ ਰਾਖਾਂ !

ਰੰਗ ਹਸ਼ਰ ਦੇ ਬਲੇ ਅਸੰਖਾਂ, 

ਆਦਮ ਦਾ ਦਿਹੁੰ ਮੋਇਆ; 

ਨ੍ਹੇਰੀ ਨਦੀ ਰਾਖ ਦੇ ਹੇਠਾਂ 

ਝਿਮ ਝਿਮ ਕਰਦਾ ਖੋਇਆ।

ਇਕ ਪਲ ਤਪਦੇ ਭੱਠ 'ਤੇ ਕਿਰੀਆਂ 

ਤ੍ਰੇਲਾਂ ਵਾਂਗੂੰ ਮੂੰਝਾਂ;

ਨ ਦਿਹੁੰ ਰੈਣ ਨ, ਪਲ ਦੂਜੇ ਵਿਚ 

ਨ ਥਲ ਗਗਨ ਨ ਬੂੰਦਾਂ।

ਇਕ ਪਲ ਕਾਲ ਦੇ ਭੌਜਲ ਅੰਦਰ 

ਨਿਸ ਬਾਸਰ ਬਉਰਾਣੇ, 

ਦੂਜੇ ਪਲ ਅਣਦਿੱਸ ਫਾਹੀਆਂ ਵਿਚ 

ਘਿਰ ਸਾਹ ਹੋਣ ਬੇਗਾਨੇ।

ਅੱਜ ਤਾਂ ਜਿੰਦ ਨੂੰ ਛੋਡ ਚੱਲੀਆਂ 

ਪਿਆਰ ਦੀਆਂ ਤਕਸੀਰਾਂ।

ਫ਼ਰਿਆਦਾਂ ਤੋਂ ਖ਼ਾਲੀ ਹੋਈਆਂ 

ਮੁੱਢ ਕਦੀਮ ਅਖ਼ੀਰਾਂ।

ਕਾਲ ਦੇ ਪੁਰਸਲਾਤ ਤੋਂ ਲੰਘਦੇ 

ਆਲਮ ਦੇ ਪਰਛਾਵੇਂ, 

ਮੈਂ ਤੱਕਦਾ ਡੁੱਬ ਨੈਣ ਚਿਰਾਂ ਦੇ 

ਯਾਦ ਨ ਆਵਣ ਭਾਵੇਂ।

ਮੇਰੀਆਂ ਨੀਂਦਾਂ ਜਾਗਾਂ ਅੰਦਰ 

ਦਹਿਦਿਸ ਲਸਣ ਜ਼ੰਜੀਰਾਂ,

ਮੁਲਕ ਦੇ ਦਰ ਤੋਂ ਅੱਗੇ ਤੁਰੀਆਂ 

ਯਾਦਾਂ ਵਾਂਗ ਫ਼ਕੀਰਾਂ।

ਵਾ ਵਰੋਲੇ ਬਣ ਕੇ ਝੁੱਲੀਆਂ 

ਤੇਜ਼ ਖ਼ੂਨ ਦੀਆਂ ਧਾਰਾਂ, 

ਕਹਿਰ ਵਿਚ ਸਮੇਂ ਨੂੰ ਥੰਮ੍ਹਣ 

ਪੱਥਰ ਦੀਆਂ ਉਡਾਰਾਂ।

ਡੰਗ ਪਿਆਸ ਦੇ ਕੁਲ ਆਲਮ ਦੇ 

ਲਹੂ 'ਚ ਖੁਭ ਖੁਭ ਜਾਵਣ, 

ਤਣੇ ਕੁਸੈਲੀਆਂ ਦਾਰਾਂ ਦੇ ਮੂੰਹ 

ਪਲ ਪਲ ਸਮੇਂ ਦਾ ਖਾਵਣ।

ਜਾਨ ਮੇਰੀ 'ਤੇ ਚੱਕ ਜਿਉਂ ਘੁੰਮਦੇ 

ਮੂਕ ਮਿਟੇ ਪ੍ਰਛਾਵੇਂ, 

ਧਰ ਦੇ ਗਰਭ-ਨ੍ਹੇਰ ਵਿਚ ਤੜਪੇ 

ਬੀਜ ਵਿਸ਼ੈਲੀ ਥਾਵੇਂ।

ਨ੍ਹੇਰ-ਨਾਭ ਵਿਚ ਅਣਦਿੱਸ ਨਾਗਾਂ 

ਕਸੀਆਂ ਸੁਹਲ ਤਣਾਵਾਂ।

ਚੰਨ ਸੂਰਜਾਂ ਦੇ ਫੜ ਪੈਂਡੇ 

ਡੰਗੀਆਂ ਮਧੁਰ ਦੁਆਵਾਂ।

ਬਖ਼ਸ਼ਿਸ਼ ਦੀ ‘ਨਾਂਹ’ ਵੀ ਮਿਟ ਚੱਲੀ, 

ਨਾਂਹ ਝੋਕਾਂ ਨਾਂਹ ਗੋਰਾਂ ! 

ਸੋਹਣੇ ਬਾਗ਼ ਯਾਦ ਕਰਵਾਏ 

ਨਾਂਹ ਕੁਫਰਾਂ ਦੇ ਜ਼ੋਰਾਂ।

ਦਿਹੁੰ-ਰੈਣ ਨੂੰ ਮੇਸ ਕੇ ਨੀਂਦੋਂ 

ਬਲਦੇ ਗਗਨ ਬੇਗਾਨੇ, 

ਕਦੇ ਜਾਗ ਦੇ ਪੈਂਡੇ ਰਿੰਮ ਝਿੰਮ 

ਘੁੰਮਦੇ ਨੀਰ ਪੁਰਾਣੇ।

ਮੁੱਢ ਕਦੀਮ ਦਿਆਂ ਝੱਖੜਾਂ ਵਿਚ 

ਘਿਰ ਕੰਨਸੋਅ ਕੁਰਲਾਵੇ, 

ਕਹਿਕਸ਼ਾਂ ਦੇ ਤਾਜ ਤੋਂ ਉਡਦਾ 

ਫਿਰ ਕੋਈ ਜੁਗਨੂੰ ਆਵੇ।

ਮੈਨੂੰ ਲੱਗਿਆ ਹੁਣ ਕੁਝ ਹੋਸੀ 

ਨਿੰਮੇ ਚਾਨਣ ਹੇਠਾਂ,

ਹਿੱਕੇ ਤਾਂ 'ਵਾਜ ਚਿਰਾਂ ਦੀ ਪੈਣੀ

ਹਿੱਕੇ ਤਾਂ ਦੀਵੇ ਦੇਖਾਂ।

ਨਿੰਮ੍ਹੇ ਨੂਰ 'ਚ ਪਰਾਂ 'ਤੇ ਚਾਈ 

ਰੰਗਲੀ ਕੁੰਟ ਉਕਾਬਾਂ, 

ਜਿਸਨੂੰ ਆ ਕੇ ਦੂਰੋਂ ਮਿਲਣਾ 

ਪੈੜਾਂ, ਪੈਂਡਿਆਂ, ਖ਼ਾਬਾਂ।

ਜਾਗਣ ਲੱਗਾਂ ? ਹੌਲ ਦੀਆਂ ਲੱਖ 

ਫਾਹੀਆਂ ਬਲਦੀਆਂ ਆਵਣ। 

ਤੁਰਨ ਲੱਗਾਂ ? ਕੰਨਸੋਆਂ ਚਿਰ ਦੀਆਂ, 

ਪੈਂਡੇ ਦੂਰ ਦੇ ਚਾਵਣ ।

ਅੱਧੀ ਰਾਤ ਦੀ ਪਰਲੋਂ ਸਾਹਮੇ

ਮੈਂ ਇਕ ਬੂੰਦ ਜਗਾਵਾਂ,

ਕੋਟ ਭਸਮ ਬਰਬਾਦ ਵਣਾਂ ਵਿਚ 

ਨੂਰੀ ਖੰਭ ਬੁਲਾਵਾਂ।

ਅੱਧੀ ਰਾਤ ਨਦੀ ਦੇ ਪਾਰੋਂ 

ਕੂਕ ਦਿੱਤੀ ਰੋ ਮੋਰਾਂ,

ਦੇਸ ਦੀਆਂ ਮੈਂ ਛੱਡ ਕੇ ਝੋਕਾਂ 

ਤੁਰਿਆ ਚੁੱਕ ਘੰਗੋਰਾਂ।

📝 ਸੋਧ ਲਈ ਭੇਜੋ