ਆਧੁਨਿਕ ਤਕਨੀਕ

ਸੁਣਦੇ ਸਾਂ

ਕਿ ਲੋਕ ਚਿਹਰੇ ਤੇ

ਮਖੌਟੇ ਚੜ੍ਹਾ ਲੈਂਦੇ ਸਨ

ਬਹੁਤ ਪੁਰਾਣੀ ਗੱਲ ਹੈ

 

ਫਿਰ ਇੱਕ ਮਖੌਟੇ ਥੱਲੇ

ਦੂਸਰਾ

ਫਿਰ ਤੀਸਰਾ

ਅਣਗਿਣਤ ਮਖੌਟੇ

ਇਹ ਗੱਲ ਵੀ ਪੁਰਾਣੀ ਹੋ ਗਈ

 

ਸਮਾਂ ਬਦਲਣ ਨਾਲ

ਫ਼ਰਕ ਪਿਆ

ਹੁਣ ਲੋਕ ਮਖੌਟੇ ਨਹੀਂ ਪਹਿਨਦੇ

ਹੁਣ ਉਹਨਾਂ ਨੇ ਸਕਿੰਟਾਂ ’ਚ

ਚਿਹਰੇ ਤਬਦੀਲ ਕਰਨ ਦੀ

ਆਧੁਨਿਕ ਤਕਨੀਕ ਸਿੱਖ ਲਈ ਹੈ

 

ਹੁਣੇ ਤੁਹਾਡੇ ਸਾਹਮਣੇ

ਕਬੂਤਰ ਬੈਠਾ ਸੀ

ਹੁਣੇ ਦਹਾੜਦਾ ਸ਼ੇਰ ਬਣ ਗਿਆ

ਹੁਣੇੇ ਉਹ ਚਲਾਕ ਲੂੰਬੜੀ ਵਿੱਚ

ਤਬਦੀਲ ਹੋਇਆ

ਤੇ ਹੁਣੇ ਤਿੱਤਰ ਬਟੇਰ ਬਣ ਗਿਆ

ਹੁਣੇ ਉਹ ਪਾਲਤੂ ਕੁੱਤਾ ਸੀ

ਤੁਹਾਡੇ ਪੈਰ ਚੱਟਦਾ

ਹੁਣੇ ਉੱਡਣਾ ਸੱਪ ਬਣ ਕੇ

ਤੁਹਾਨੂੰ ਡੰਗਦਾ

ਏਨਾ ਜ਼ਹਿਰੀਲਾ

ਕਿ ਬੰਦਾ ਪਾਣੀ ਵੀ ਨਾ ਮੰਗਦਾ

 

ਲੋਕ

ਮਖੌਟੇ ਪਹਿਨਦੇ ਸਨ

ਇਹ ਜੁਗਾਂ ਪੁਰਾਣੀ ਗੱਲ ਹੈ

 

ਹੁਣ ਲੋਕਾਂ ਨੇ

ਚਿਹਰੇ ਤਬਦੀਲ ਕਰਨ ਦੀ

ਆਧੁਨਿਕ ਤਕਨੀਕ

ਸਿੱਖ ਲਈ ਹੈ।

📝 ਸੋਧ ਲਈ ਭੇਜੋ