ਆਦਮੀ ਨੂੰ ਖਾ ਰਿਹਾ

ਆਦਮੀ ਨੂੰ ਖਾ ਰਿਹਾ ਹੈ ਆਦਮੀ

ਤਾਂ ਹੀ ਮੁਕਦਾ ਜਾ ਰਿਹਾ ਹੈ ਆਦਮੀ

ਜ਼ਿੰਦਗੀ ਨੂੰ ਧਰਤ ਨਾਲੋਂ ਤੋੜ ਕੇ

ਗਮਲਿਆਂ ਵਿਚ ਲਾ ਰਿਹਾ ਹੈ ਆਦਮੀ

ਹੋ ਕੇ ਆਪਣੇ ਆਪ ’ ਚੋਂ ਖ਼ੁਦ ਲਾਪਤਾ

ਰੱਬ ਲੱਭਣ ਜਾ ਰਿਹਾ ਹੈ ਆਦਮੀ

ਵੇਚ ਕੇ ਪੁਸਤਕ ਨਾ ਭਰਿਆ ਪੇਟ ਜਦ

ਵਰਕਿਆਂ ਨੂੰ ਖਾ ਰਿਹਾ ਹੈ ਆਦਮੀ

ਪਰਦਿਆਂ ਪਿੱਛੇ ਹੀ ਰਹਿੰਦਾ ਹੈ ਸਦਾ

ਫਿਰ ਵੀ ਡਰਦਾ ਜਾ ਰਿਹਾ ਹੈ ਆਦਮੀ ,

ਕਰ ਦਏਗੀ ਖ਼ਾਕ ਮਹਿਫ਼ਲ ਦਾ ਵਜੂਦ

ਉਹ ਸ਼ਮਾਂ ਸੁਲਗਾ ਰਿਹਾ ਹੈ ਆਦਮੀ

ਚੰਨ ਤਾਰੇ ਪਾ ‘ ਸੁਰਿੰਦਰ ’ ਜੇਬ ਵਿਚ

ਧਰਤ ਭੁਲਦਾ ਜਾ ਰਿਹਾ ਹੈ ਆਦਮੀ 

📝 ਸੋਧ ਲਈ ਭੇਜੋ