ਆਦਮੀ ਸੌਂਦਾ ਹੈ ਸੁੱਤੀ ਰਾਤ ਨਾ ਦੇਖੀ ਕਦੇ।
ਰਾਤ ਮੁੱਕ ਜਾਂਦੀ ਹੈ ਮੁੱਕੀ ਬਾਤ ਨਾ ਦੇਖੀ ਕਦੇ।
ਕਾਫ਼ਲੇ ਵਾਲੇ ਚਲੇ ਜਾਵਣਗੇ ਪੈੜਾਂ ਤਾਂ ਨਹੀਂ,
ਇਸ ਸਫ਼ਰ, ਇਸ ਸਿਲਸਿਲੇ ਦੀ ਮਾਤ ਨਾ ਦੇਖੀ ਕਦੇ।
ਵਕਤ ਨਹੀਂ, ਪਰ ਬੀਤਦਾ ਬੰਦਾ ਹਮੇਸ਼ਾਂ ਵੇਖਿਆ,
ਵਕਤ ਦਾ ਕੁਈ ਅੰਤ ਜਾਂ ਸ਼ੁਰੂਆਤ ਨਾ ਦੇਖੀ ਕਦੇ।
ਜਾਨਣਾ ਚਾਹੁੰਦਾ ਏਂ ਤੂੰ ਰਿਸ਼ਤਾ ਲਹੂ ਤੇ ਮੇਘ ਦਾ?
ਉੱਡਦੀ ਅਪਣੇ ਲਹੂ ’ਤੋਂ ਭਾਫ਼ ਹੈ ਵੇਖੀ ਕਦੇ?
ਵੈਣ, ਨਗਮੇ, ਲੋਰੀਆਂ, ਅਹਿਸਾਸ ਦੀ ਇਹ ਧੁੱਪ ਛਾਂ,
ਦੁੱਖ, ਸੁੱਖ ਅਨੁਭਵ ਹੈ ਉਸਦੀ ਜ਼ਾਤ ਨਾ ਵੇਖੀ ਕਦੇ।
ਜ਼ਿੰਦਗੀ ‘ਅਜਮੇਰ’ ਮਾਣੀ ਤਾਂ ਨਹੀਂ, ਜੀਵੀ ਜ਼ਰੂਰ,
ਰਾਤ ਵੇਖੀ, ਰਾਤ ਦੀ ਪ੍ਰਭਾਤ ਨਾ ਦੇਖੀ ਕਦੇ।