ਆਦਮੀ ਵਿੱਚ ਭੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ?
ਹਰ ਜਗ੍ਹਾ ਯਮਦੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ?
ਕੁੱਟੋ ਪਰ ਕੁਸਕਣ ਨਾ ਦੇਵੋ, ਸੱਤਾ ਧਾਰੀ ਆਖਦੈ,
ਇਸ ਤਰ੍ਹਾਂ ਕੰਮ ਸੂਤ ਰਹਿੰਦੈ,ਕੀ ਕਿਹਾ? ਸੁਣਿਆ ਨਹੀਂ ?
ਆਦਮੀ ਵਿੱਚ ਰਾਮ ਰਾਵਣ ਗੁੱਥਮ ਗੁੱਥਾ ਹੋ ਰਹੇ,
ਟਾਕਰਾ ਮਜ਼ਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ?
ਦਿਲ ਨਹੀਂ ਕਰੁਣਾ ਨਹੀਂ, ਇਖਲਾਕ ਨਾ,ਕਿਰਦਾਰ ਨਾ,
ਸਮਝੋ ਇਕ ਕਲਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ?
ਬਖਸ਼ਦੀ ਕੁਦਰਤ ਨਾ ਹਰਗਿਜ਼, ਹਰ ਖਤਾ ਦੀ ਹੈ ਸਜਾ,
ਕੋਲ ਉਸ ਦੇ ਸਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ?
ਮੁੱਕ ਗਏ ਹਾਸੇ ਤੇ ਹੰਝੂ, ਜਿੰਦਗੀ ਨੇ ਵਰਜਿਐ.
ਹੁਣ ਤਾਂ ਇਕ ਕਲਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ?
ਨਫਰਤਾਂ ਦੀ ਲਹਿਲਹਾਉਂਦੀ, ਫਸਲ ਅੰਦਰ ਦੋਸਤੋ,
ਜਿੰਨ ਕਾਲਾ ਭੂਤ ਰਹਿੰਦੈ, ਕੀ ਕਿਹਾ ? ਸੁਣਿਆ ਨਹੀਂ ?
ਸੱਚ ਦੇ ਪਾਂਧੀ ਨੇ ਜਿਹੜੇ , ਉਹਨਾਂ ਦੇ ਹੀ ਰੂਪ ਵਿੱਚ,
ਸ਼ਾਂਤੀ ਦਾ ਰੂਪ ਰਹਿੰਦਾ, ਕੀ ਕਿਹਾ? ਸੁਣਿਆ ਨਹੀਂ ?