ਧਰਤੀ ਦੇ ਇਹ ਵਿਚ ਸਮਾਈ

ਬੰਦੇ ਵਿਚ ਵੀ ਹੋਵੇ

ਪਰ ਸਮਰੱਥਾ ਨਿੱਕੀ ਪੈ ਜਾਏ

ਕਿਹੜਾ ਇਹਨੂੰ ਟੋਹਵੇ

ਰਿਸ਼ਤਿਆਂ ਤੀਕਰ ਸਾੜ ਦਿੰਦੀ ਏ

ਜੇਕਰ ਮਨਾਂ 'ਚ ਆਏ

ਇਹਦੀ ਕਿਰਪਾ ਸਦਕਾ ਬੰਦਾ

ਰੋਟੀਆਂ ਸੇਕ ਕੇ ਖਾਏ ।

ਜੀਹਦੇ ਵਿਚ ਇਹ ਬਹੁਤੀ ਹੋਵੇ

ਉਹਦਾ ਨਾ ਕੋਈ ਤੋੜ

ਐਵੇਂ ਹੱਥ ਸੜਾ ਨਾ ਬੈਠੀ

ਸੇਕ ਜਿੰਨੀ ਤੈਨੂੰ ਲੋੜ ।

ਅੱਗ ਅੱਗ ਕਰਦੇ ਫਿਰਦੇ ਜਿਹੜੇ

ਅੱਗ ਨੂੰ ਪਿਆਰੇ ਹੋ ਗਏ

ਜਿਹੜੇ ਇਹਨੂੰ ਸਮਝ ਕੇ ਚੱਲਣ

ਜੱਗ ਨੂੰ ਪਿਆਰੇ ਹੋ ਗਏ ।

ਅੱਗ ਨੂੰ ਸੰਜਮ ਕਰ ਸ਼ੀਰਾਜ਼ਾ

ਲੋੜ ਪੈਣ ਤੇ ਬਲੀਏ

ਆਪਣੀ ਅੱਗ ਗਵਾ ਕੇ ਐਵੇਂ

ਵਕਤੋਂ ਪਹਿਲਾਂ ਨਾ ਢਲੀਏ ।

📝 ਸੋਧ ਲਈ ਭੇਜੋ