ਅੱਧੀ ਅੱਧੀ ਰਾਤੀਂ 

ਮੈਨੂੰ ਅੰਮਾਂ ਝੂਣ ਜਗਾਇਆ

ਕਹਿੰਦੀ ਤੇਰੇ ਘਰ ਨੂੰ ਕਿਸੇ ਨੇ ਲਾਂਬੂ ਲਾਇਆ

ਅੱਗ ਦਲੀਜ਼ਾਂ ਟੱਪ ਕੇ ਅੰਦਰ

ਆਣ ਖੜੀ ਹੈ

ਕੰਧਾਂ ਛੱਤਾਂ ਚੱਟ ਰਹੀ ਹੈ

ਅੱਗ ਟੱਪ ਮੈਂ ਬਾਹਰ ਨਿਕਲਿਆ 

ਨੰਗੇ ਲਲਕਾਰੇ ਦੇ ਵਾਂਗੂੰ

ਬਾਹਰ ਗਲੀ ਵਿਚ ਵਰ੍ਹਣ ਗੋਲੀਆਂ 

ਵਾਛੜ ਦੇ ਵਿਚ-

ਸਹਿਮ ਗਿਆ ਮੇਰਾ ਲਲਕਾਰਾ

ਅੱਗ ਟੱਪ ਅੰਦਰ ਜਾ ਵੜਿਆ

ਆਪਣੇ ਬੱਚੇ ਨੂੰ ਗਲ ਲਾ ਕੇ ਮੀਟੀਆਂ ਅੱਖਾਂ 

ਮਨ ਵਿਚ ਆਈ

ਸਾਰੀ ਉਮਰ ਹੰਢਾਈ 

ਚਿੰਤਾ-ਚਿੰਗਿਆੜਾਂ ਤੇ

ਮਰਨ ਸਮੇਂ ਤਾਂ ਦੋ ਘੜੀਆਂ ਨਿਸਚਿੰਤ ਲੇਟ ਲਾਂ 

ਨਿੱਸਲ ਹੋ ਕੇ

ਏਸ ਅੱਗ ਸਾਡਾ ਕੀ ਕਰਨੈ

ਅਸੀਂ ਤਾਂ ਰੋਜ਼ ਅਲੂਣੀ ਅੱਗ ਦੀ ਰੋਟੀ ਖਾਈਏ 

ਅਪਣੇ ਹੱਡ ਸੇਕਦੇ ਅਪਣੀ ਜੂਨ ਹੰਢਾਈਏ

ਰਾਤ ਸਵੇਰੇ ਰਿੱਝਣ ਵਾਲੇ

ਸਾਨੂੰ ਅੱਗ ਨੇ ਕੀ ਕਹਿਣਾ ਏ ?

📝 ਸੋਧ ਲਈ ਭੇਜੋ