ਅੱਗ ਚਾਰ ਚੁਫੇਰੇ

ਮੈਂ ਤੁਰਿਆ ਮੇਰੇ ਨਾਲ ਤੁਰੀ 

ਅੱਗ ਚਾਰ ਚੁਫੇਰੇ

ਆਸੇ ਪਾਸੇ ਅੱਗ ਦੀਆਂ ਲੀਕਾਂ 

ਅੱਗ ਦੇ ਘੇਰੇ

ਇਕ ਬੈਸੰਤਰ ਅਜ਼ਲਾਂ ਨੇ 

ਮੇਰੇ ਮੱਥੇ ਬਾਲੀ

ਦੂਜੀ ਆਣ ਸ਼ਰੀਕਾਂ ਬਾਲੀ 

ਮੇਰੇ ਵਿਹੜੇ

ਇਕ ਮੇਰੀ ਹਾਣੋ

ਸਾਰਾ ਬੇਲਾ ਰੋਸ਼ਨ ਕਰ ਗਈ 

ਡਾਲ ਡਾਲ ਤੇ ਅੱਗ ਦਾ ਪੰਛੀ 

ਸਰਗਮ ਛੇੜੇ

ਜਿੱਦਣ ਦੀ ਮੇਰੇ ਸਿਰ ਤੇ 

ਅੱਗ ਦੀ ਕਲਗੀ ਬੱਝੀ

ਓਸੇ ਦਿਨ ਤੋਂ ਸੜਦੀ ਤੁਹਮਤ 

ਖੜੀ ਬਨੇਰੇ

ਸੜਦੇ ਬਲਦੇ ਜਿਹੜੇ ਚੋ 

ਮੇਰੇ ਮੱਥੇ ਵੱਜੇ

ਉਹੀਓ ਕਹਿੰਦੇ : ਅਸੀਂ ਤਾਂ ਜੁਗ ਜੁਗ 

ਸਾਥੀ ਤੇਰੇ

ਜਿੱਥੇ ਸੂਹੇ ਚਾਨਣ 

ਓਥੇ ਕੌੜੇ ਧੂੰਏਂ

ਅੰਗੀ ਸੰਗੀ ਇਹਨਾਂ ਤਾਈਂ 

ਕੌਣ ਨਿਖੇੜੇ

ਮੈਂ ਤੁਰਿਆ ਮੇਰੇ ਨਾਲ ਤੁਰੀ 

ਅੱਗ ਚਾਰ ਚੁਫੇਰੇ

ਆਸੇ ਪਾਸੇ ਅੱਗ ਦੀਆਂ ਲੀਕਾਂ 

ਅੱਗ ਦੇ ਘੇਰੇ

📝 ਸੋਧ ਲਈ ਭੇਜੋ