ਮੈਂ ਕਿ ਜਿਹੜਾ ‘ਉਹਨਾਂ’ ਨੂੰ

ਭਟਕੇ ਮੁਸਾਫ਼ਰ ਆਖਦਾ ਸੀ

ਇਕ ਨਵੀਂ ਦੁਬਿਧਾ ਦੇ ਜੰਗਲ ਭਟਕਦਾ ।

ਕਿਸ ਤਰ੍ਹਾਂ ਦਾ ਨਹਿਸ਼ ਪਲ ਸੀ

ਜਦੋਂ ਘਰ ਦੇ ਛੋਟੇ ਜਹੇ ਅਸਮਾਨ ਉੱਤੇ

ਬੋਦੀ ਵਾਲਾ

ਇਕ ਸਿਤਾਰਾ ਚਮਕਿਆ

ਵੇਖਦੇ ਹੀ ਵੇਖਦੇ

ਘਰ ਦੇ ਬੂਹੇ ਬਾਰੀਆਂ ਦੇ ਰੰਗ

ਓਪਰੇ ਜਹੇ ਹੋ ਗਏ। ਮਾਂ ਜਦੋਂ ਹੁਣ ਬਾਤ ਕਰਦੀ 

ਸ਼ਾਂਤ ਹਉਕਾ ਨਾਲ ਭਰਦੀ

ਪਿਤਾ ਦੀ ਦਾੜ੍ਹੀ 'ਚੋਂ ਤਿਲਕਦੇ ਅੱਥਰੂ 

ਜ਼ਿੰਦਗੀ ਵਿਚ

ਮੈਂ ਤਾਂ ਪਹਿਲੀ ਵਾਰ ਤੱਕੇ 

ਮੈਂ ਤਾਂ ਏਹੋ ਸਮਝਦਾ ਸੀ 

ਪਿਤਾ ਜੀ ਰੋਂਦੇ ਨਹੀਂ 

ਰੋਂਦਿਆਂ ਨੂੰ ਚੁੱਪ ਕਰਾਉਂਦੇ ਨੇ 

ਮੇਰੇ ਛੋਟੇ ਵੀਰ ਦੋਹਵੇਂ ਗੱਭਰੂ

ਮੈਂ ਕਦੇ ਜਿਹਨਾਂ ਦੇ ਮੂੰਹੋਂ

ਨਿੰਮ ਵਰਗੇ ਬੋਲ ਕੌੜੇ ਨਾ ਸੁਣੇ ਸੀ

ਗੱਲ ਗੱਲ ਤੇ

ਕਾਨਿਆਂ ਦੀ ਅੱਗ ਵਾਂਗੂੰ ਮੱਚ ਪੈਂਦੇ

ਤੇ ਉਹਨਾਂ ਦੇ ਬੋਲ ਮੈਨੂੰ ਪੁੱਛਦੇ 

"ਦੱਸ ਹੁਣ ਕਿੱਧਰ ਨੂੰ ਜਾਈਏ ? 

ਕਿਹੜੀ ਹੱਟੀ ਤੋਂ ਪੁੜੀ ਮਹੁਰਾ ਮੰਗਾ 

ਕੇ ਅਸੀਂ ਖਾਈਏ।”

ਨੀਲ-ਤਾਰੇ ਦਾ ਕਿਹਾ ਪ੍ਰਛਾਵਾਂ ਪਿਆ 

ਭਰੇ ਘਰ 'ਚ ਮੈਂ ਇਕੱਲਾ ਰਹਿ ਗਿਆ 

ਮੈਂ ਕਿ ਜਿਹੜਾ ਉਹਨਾਂ ਨੂੰ 

ਭਟਕੇ ਮੁਸਾਫ਼ਰ ਆਖਦਾ ਸੀ। 

ਏਸ ਤਾਰੇ ਦੀ ਕੁਲਹਿਣੀ

ਟਿਮਟਿਮਾਂਦੀ ਰੌਸ਼ਨੀ ਵਲ ਪਿੱਠ ਕਰਕੇ

ਸਿਸਕੀਆਂ ਲੈਂਦੀ ਹਵਾ ਨੂੰ ਪੁੱਛਦਾ;

"ਕੌਣ ਸੀ ਉਹ

ਸੰਧਿਆ ਵੇਲੇ,

ਸਵੇਰੇ

ਰਾਤ ਦੇ ਸਉਲੇ ਹਨੇਰੇ

ਦੀਨ ਦੀ ਰਾਖੀ ਦੇ ਨਾਂ ਤੇ

ਹਿਰਦਿਆਂ ਵਿਚ ਕੌੜ-ਤੁੰਮੇਂ ਬੀਜਦਾ ਸੀ

ਕਿਸਦੀਆਂ ਹੁਸ਼ਿਆਰੀਆਂ ਨੇ 

ਚੁਸਤੀਆਂ ਮੱਕਾਰੀਆਂ ਨੇ

ਕੱਲ ਦੇ ਹਤਿਆਰਿਆਂ ਨੂੰ 

ਅੱਜ ਦੇ ਗਾਜ਼ੀ ਬਣਾਇਆ ? 

ਕੌਣ ਸੀ ਜਿਹਨੇ ਬਹਾਕੇ,

ਵੰਨ ਸਵੰਨੇ ਪੱਜ ਪਾ ਕੇ

ਕੂੜ ਕਹਿ ਕੇ

ਮੇਰੇ ਦਿਲ ਦੇ ਸੁਹਜ-ਮੰਦਰ

ਖੂਨ ਦਾ ਸਤਲੁਜ ਵਗਾਇਆ ?

ਕਿਸਦਿਆਂ ਹੱਥਾਂ ਨੇ ਵਿਹੜੇ ਆਣ ਮੇਰੇ 

ਅੱਗ ਦਾ ਬੂਟਾ ਲਗਾਇਆ ?

ਕੋਲ ਹੀ ਬਾਰੂਦ ਧਰ ਕੇ ਮੁਸਕਰਾਇਆ ।

📝 ਸੋਧ ਲਈ ਭੇਜੋ