ਅੱਗ ਦੇ ਪੈਰਾਂ 'ਚ ਉਹ ਜ਼ੰਜੀਰ ਪਾਉਣਾ ਲੋਚਦੇ,
ਮਾਰ ਕੇ ਉਹ ਫੂਕ ਸੂਰਜ ਨੂੰ ਬੁਝਾਉਣਾ ਲੋਚਦੇ।
ਲਾਸ਼ ਨੂੰ ਮੇਰੀ ਉਹ ਪਿੱਠ ਉੱਤੇ ਲੱਦ ਕੇ,
ਕਿਸ ਅਹਿੰਸਾ ਦਾ ਸਬਕ ਮੈਨੂੰ ਸਿਖਾਉਣਾ ਲੋਚਦੇ।
ਚਾਨਣੇ ਪੱਖ ਨੂੰ ਨਿਭਾਵਾਂਗਾ ਮੇਰਾ ਨਿਸਚਾ ਹੈ ਇਹ,
ਉਹ ਹਨੇਰੇ ਪੱਖ ਨੂੰ ਹੀ ਬੱਸ ਨਿਭਾਉਣਾ ਲੋਚਦੇ।
ਵੱਖੋ ਵੱਖਰੇ ਖੇਮਿਆਂ ਵਿੱਚ ਵੰਡ ਕੇ ਆਪਾਂ ਨੂੰ ਉਹ,
ਬੇਵਜ੍ਹਾ ਹੀ ਆਪਾਂ ਦੋਵਾਂ ਨੂੰ ਲੜਾਉਣਾ ਲੋਚਦੇ।
ਸ਼ੀਸ਼ੇ ਨੂੰ ਪੱਥਰ ਤੇ ਪੱਥਰ ਨੂੰ ਕਿਵੇਂ ਸ਼ੀਸ਼ਾ ਲਿਖਾਂ,
ਖ਼ੁਦ ਨਹੀਂ ਲਿਖਦੇ ਮਗਰ ਮੈਥੋਂ ਦਿਖਾਉਣਾ ਲੋਚਦੇ।