ਅੱਗਾਂ ਅੱਗਾਂ ਅੱਗਾਂ
ਆਸੇ ਅੱਗਾਂ ਪਾਸੇ ਅੱਗਾਂ
ਅੱਗੇ ਪਿੱਛੇ ਅੱਗਾਂ
ਤੇਰੀ ਲਾਟ ਵਿਚ ਬਲਣ ਜੁ ਨਿਕਲੇ
ਰਾਹ ਵਿਚ ਬਹੁਤ ਮੁਆਤੇ
ਉਹੀਓ ਸੜਦਾ ਬਲਦਾ ਜਾਪੇ
ਮੈਂ ਜਿਹਦੇ ਗਲ ਲੱਗਾਂ
ਜਿਹੜੇ ਬਿਰਛ ਦੀ ਛਾਵੇਂ ਬੈਠਾਂ
ਓਸੇ 'ਚੋਂ ਅੱਗ ਸਿੰਮੇ
ਜਿਹੜੇ ਵੀ ਦਰਿਆ 'ਚੋਂ ਲੰਘਾਂ
ਬਲ ਬਲ ਉੱਠਣ ਝੱਗਾਂ
ਕਿਹੜਾ ਸਗਨ ਏ ਲੋਕ ਚੰਗੇਰਾਂ
ਭਰ ਵੰਡਣ ਚੰਗਿਆੜੇ
ਕਿਹੜੇ ਜਨਮ ਦੀ ਭਾਜੀ ਮੋੜਾਂ
ਕੀਕਣ ਪੂਰਾ ਤੱਗਾਂ
ਮੈਂ ਆਪਣੇ ਘਰ ਗੌਣ ਧਰਾਇਆ
ਲਾਟਾਂ ਗਾਵਣ ਆਈਆਂ
ਆਪਣਿਆਂ ਦੇ ਸੁਖਨ-ਸਿਆਪੇ
ਸੇਕ ਸੇਕ ਕੇ ਮੱਘਾਂ
ਜਿੱਧਰ ਜਾਵਾਂ ਜੋੜ ਜੋੜ ਮੂੰਹ
ਸਿਵੇ ਕਰੇਂਦੇ ਗੱਲਾਂ
ਕਿਸ ਮਹਿਰਮ ਦੀ ਗੋਦੀ ਬੈਠਾਂ
ਕਿੱਧਰ ਕਿੱਧਰ ਭੱਜਾਂ
ਜੀ ਚਾਹੁੰਦੈ ਹਰਿਆ ਘਾਹ ਬਣ ਕੇ
ਮਿੱਟੀ ਵਿਚ ਸੌਂ ਜਾਵਾਂ
ਮੈਨੂੰ ਵਾਜਾਂ ਮਾਰ ਨ ਅੱਗੇ
ਮੈਂ ਤੇਰਾ ਕੀ ਲੱਗਾਂ