ਅੱਗੇ ਈ ਇਕ ਰੋਗ ਅਵੱਲੜਾ

ਅੱਗੇ ਈ ਇਕ ਰੋਗ ਅਵੱਲੜਾ ਦੋ ਨੈਣਾਂ ਦੀ ਭੁੱਲ ।

ਕਿਧਰੇ ਫੇਰ ਗਵਾਚ ਨਾ ਜਾਵਾਂ ਤੂੰ ਬਹੁਤਾ ਨਾ ਖੁੱਲ ।

ਉਮਰਾਂ ਲਈ ਹੁਣ ਬੈਠ ਕੇ ਭਾਵੇਂ ਗ਼ਜ਼ਲਾਂ ਕਹਿੰਦਾ ਜਾਂ,

ਨਿੱਤ ਨਿੱਤ ਸੱਜਰੇ ਖ਼ਿਆਲ ਸੁਝਾ ਗਏ ਕੰਬਦੇ ਕੰਬਦੇ ਬੁੱਲ ।

ਮੇਰੇ ਲੂ ਲੂ ਵਿਚ ਓਸੇ ਦੀ ਦਿਸਦੀ ਏ ਖ਼ੁਸ਼ਬੂ,

ਭਾਵੇਂ ਹੋਰ ਕਿਸੇ ਕਾਲਰ ਤੇ ਸਜਿਆ ਏ ਉਹ ਫੁੱਲ ।

ਨਾਲ ਭੁਚਾਲਾਂ ਦਿਲ ਦਾ ਕੋਠਾ ਹੋਇਆ ਡਾਵਾਂ ਡੋਲ,

ਡਿੱਗੀਆਂ ਛੱਤਾਂ ਨੂੰ ਦਰਕਾਰ ਏ ਅੱਜ ਬਾਹਵਾਂ ਦਾ ਤੁਲ ।

ਪੱਲਾ ਮਾਰ ਬੁਝਾ ਦੇ ਭਾਵੇਂ ਪੱਲਾ ਤਾਨ ਬਚਾ,

ਸੱਧਰਾਂ ਦੀ ਢੇਰੀ ਦੇ ਦੀਵੇ ਦਾ ਏਹੋ ਏ ਮੁੱਲ ।

ਬਣ ਗਏ ਨੂਰ ਮੁਨਾਰੇ 'ਕਾਸ਼ਰ' ਆਵਣ ਵਾਲਿਆ ਲਈ,

ਕੀ ਹੋਇਆ ਜੇ ਆਪ ਗਏ ਆਂ ਨ੍ਹੇਰਿਆਂ ਦੇ ਵਿਚ ਰੁਲ ।

📝 ਸੋਧ ਲਈ ਭੇਜੋ