ਲਾ ਲਓ ਜ਼ੋਰ, ਮਚਾ ਲਓ ਸ਼ੋਰ।
ਅੱਜ ਅਸਾਂ ਨੇ ਬਦੀ ਜਿਤਾਉਣੀ।
ਲਾ ਲਓ ਰੁੱਖ, ਬਚਾ ਲਓ ਕੁੱਖ
ਅਸਾਂ ਨੇ ਬਾਜ਼ੀ ਜਿੱਤ ਵਿਖਾਉਣੀ।
ਜ਼ਹਿਰੀਲੀ ਹਵਾ ਤੇ ਗੰਦੇ ਪਾਣੀ
ਇਨਸਾਨੀਅਤ ਹੈ ਮਾਰ ਮੁਕਾਉਣੀ।
ਅੱਜ ਅਸਾਂ ਨੇ ਬਦੀ ਜਿਤਾਉਣੀ।
ਰੁੱਖਾਂ ਟਾਹਣੇ ਵੱਢ ਬੁੱਤ ਬਣਾਉਣਾ।
ਉਸਨੂੰ ਫਿਰ ਰਾਵਣ ਅਖਵਾਉਣਾ।
ਮਿਹਨਤ ਕਰਕੇ ਨੋਟ ਕਮਾਉਣੇ।
ਫੇਰ ਖ਼੍ਰੀਦ ਪਟਾਕੇ ਲਿਆਉਣੇ।
ਸਾਹਵੇਂ ਰੱਖ ਉਹਨਾਂ ਅੱਗ ਲਾਉਣੀ।
ਅੱਜ ਅਸਾਂ ਨੇ ਬਦੀ ਜਿਤਾਉਣੀ।
ਅੱਗ ਲਾ ਅੰਬਰ ਧੂੰਏਂ ਕਰਨੇ।
ਕਈ ਜੀਅ ਸਾਹ ਘੁੱਟ ਮਰਨੇ।
ਸਰਬ ਜਿਹੇ ਕੁਦਰਤ ਦੇ ਆਸ਼ਕ
ਅੰਦਰੋਂ ਅੰਦਰ ਅੱਗ ’ਚ ਸੜਨੇ।
ਰਾਮ ਨਾਮ ਦੁਨੀਆਂ ਭਰਮਾਉਣੀ।
ਅੱਜ ਅਸਾਂ ਨੇ ਬਦੀ ਜਿਤਾਉਣੀ।
ਅਸੀਂ ਨਹੀਂ ਰਾਵਣ ਤੋਂ ਘੱਟ।
ਦੂਜੇ ਦੀ ਇੱਜ਼ਤ ਚੁੱਕਦੇ ਝੱਟ।
ਦੇਂਦੇ ਉਸ ਫਿਰ ਜੱਗ ਵਿੱਚ ਛੱਟ।
ਆਪਣੇ ਘਰ ਦੀ ਲਈਏ ਢੱਕ।
ਕਿਹੜਾ ਰਾਮ ਸਾਡੀ ਲੰਕਾ ਢਾਹੁਣੀ।
ਅਸਾਂ ਬਦੀ ਅੱਜ ਜਿੱਤ ਵਿਖਾਉਣੀ।
ਰਾਵਣ ਤਾਂ ਸੀ ਆਪ ਗਿਆਨੀ
ਰਾਮ ਦੇ ਹੱਥੋਂ ਮਰਨ ਜਾਣਦਾ।
ਭਾਣੇ ਉਹਦੇ ਲੱਜ ਰੱਖਣ ਲਈ।
ਸੀਤਾ ਚੁੱਕੀ ਕਰ ਮਨਮਾਨੀ।
ਜਿੰਨੀਂ ਰੋਲ਼ੀ ਅਸਾਂ ਕੁਦਰਤ ਰਾਣੀ।
ਵੇਖ ਕੇ ਰਾਵਣ ਲੱਜਾ ਆਉਣੀ।
ਅੱਜ ਅਸਾਂ ਨੇ ਬਦੀ ਜਿਤਾਉਣੀ।