ਮੇਰਾ ਗੁਰੂ ਤਾਂ ਸੀ ਜੋਤੀ ਜੋਤ ਸਮਾਇਆ
ਮੈਂ ਉਸ ਦੀ ਉੱਜਲ ਕੁਆਰ ਜਿਹੀ ਮੁਕਤੀ ਨੂੰ
ਇਕ ਕੁਆਰਾ ਮਿਰਤਕ ਸਮਝ ਮਸਾਣ ਜਗਾਇਆ
ਆਪਣੀ ਦੁਨੀਆਂ ਵਿਚ ਜੋ ਕੁਝ ਕੁਆਰਾ ਹੈ
ਮਿਰਤਕ ਹੈ
ਮੇਰੀ ਮੁੱਠੀ ਵਿਚ ਬੰਦ ਬਿਭੂਤ ਮਸਾਣੀ
ਮੈਂ ਬਿਨਾ ਮੁਹਰ ਅਣਘੜ ਤਾਂਬੇ ਦਾ ਹਾਣੀ
ਮੈਥੋਂ ਹੀ ਮੇਰੀ ਕੀਮ ਨ ਜਾਏ ਪਛਾਣੀ
ਗਲੀਆਂ ਬਾਜ਼ਾਰਾਂ ਵਿਚ ਮੈਂ ਤੁਰਦਾ ਹਾਂ
ਪਰ ਚਲਦਾ ਕਦੇ ਨਹੀਂ ਹਾਂ
ਮੇਰੇ ਪ੍ਰਾਣ
ਬਿਨਾ ਪਰਮਾਣ
ਮੈਂ ਏਸ ਮਸਾਣੀ ਮਿੱਟੀ ਦਾ ਅਰਦਾਸੀ
ਮੈਂ ਮੋਹਰਬੰਦ ਹੋ ਜਾਵਣ ਦਾ ਅਭਿਲਾਖੀ
ਮੇਰੇ ਅੰਗਾਂ ਤੇ ਅੰਕਿਤ ਕਰੋ ਨਿਸ਼ਾਨੀ
ਪ੍ਰਭੁ ਜੀ, ਬੇਕੀਮਤ, ਨਿਹਫਲ ਅਉਧ ਵਿਹਾਣੀ
ਹੇ ਮਿਹਰਵੰਤ
ਮੇਰੇ ਮਸਤਕ ਮਿਹਰਾਂ ਦਾ ਹਸਤ ਧਰੋ
ਮੈਂ ਮਹਾ ਨਿਗੂਣਾ ‘ਬੰਦਾ’
ਮੈਨੂੰ ਆਪਣੀ ‘ਵਸਤ’ ਕਰੋ