ਅੱਜ ਦੇ ਦਿਨ ਮੈਂ ਚੁੱਪ ਹੀ ਰਹਿਣਾ
ਅੱਜ ਦੇ ਦਿਨ ਮੈਂ ਕੁਝ ਨਹੀਂ ਕਹਿਣਾ
ਜੇ ਕੁਝ ਕਿਹਾ ਤਾਂ
ਊਂਘਦਿਆਂ ਰੁੱਖਾਂ ਤੋਂ ਪੰਛੀ ਉੱਡ ਜਾਵਣਗੇ
ਮੁੱਢ ਤੋਂ ਸਾਨੂੰ ਇਕ ਵਰ ਮਿਲਿਆ
ਜੇ ਮੈਂ ਬੋਲਾਂ ਤਾਂ ਮੈਂ ਜੀਵਾਂ
ਪਰ ਜਦ ਵੀ ਕੁਝ ਕਹਿਣਾ ਚਾਹਾਂ
ਮੇਰੇ ਬੋਲਾਂ ਦੀ ਸੁਰ ਅੰਦਰ
ਚੀਕ ਜਿਹਾ ਕੁਝ ਰਲ ਜਾਂਦਾ ਹੈ
ਸੁਣ ਕੇ ਉੱਡਣ
ਫੁੱਲਾਂ ਤੋਂ ਸੁੱਤੀਆਂ ਖੁਸ਼ਬੋਆਂ
ਊਂਘਦਿਆਂ ਰੁੱਖਾਂ ਤੋਂ ਪੰਛੀ।
ਜੇ ਮੈਂ ਬੋਲਾਂ ਤਾਂ ਮੈਂ ਜੀਵਾਂ
ਚੁੱਪ ਰਹਾਂ ਤਾਂ ਬੁੱਤ ਬਣ ਜਾਵਾਂ
ਵਰ੍ਹੇ ਛਿਮਾਹੀਂ
ਜਿਸਦੇ ਗਲ ਵਿਚ ਹਾਰ ਪੁਆ ਕੇ
ਸਾਊ ਜਾਪ ਰਹੇ ਕੁਝ ਬੰਦੇ
ਜਿਸਦੇ ਨਾਂ ‘ਤੇ
ਆਪਣੀ ਜੈ ਦੇ ਨਾਅਰੇ ਲਾਉਂਦੇ।
ਜੇ ਮੈਂ ਬੋਲਾਂ ਤਾਂ ਮੈਂ ਜੀਵਾਂ
ਚੁੱਪ ਰਹਾਂ ਤਾਂ ਬਣ ਜਾਵਾਂ ਮੈਂ
ਮੰਦਰ ਦਾ ਇਕ ਕਲਸ ਸੁਨਹਿਰੀ
ਜਿੱਥੇ ਕਿਸੇ ਤਿਉਹਾਰ ਸਮੇਂ ‘ਤੇ
ਸਾਊ ਜਾਪ ਰਹੇ ਕੁਝ ਬੰਦੇ
ਪੂਜਾ ਕਰਦੇ, ਭੁੱਲ ਬਖਸ਼ਾਉਂਦੇ
ਤੇ ਫੇਰ ਕਿੰਨੀਆਂ ਦਾਤਾਂ ਮੰਗਦੇ।
ਨਾ ਮੈਂ ਬੁੱਤ, ਨਾ ਕਲਸ ਸੁਨਹਿਰੀ
ਮੈਂ ਤਾਂ ਇਕ ਸਾਹ ਲੈਂਦਾ ਬੰਦਾ
ਬਿਨ ਬੋਲੇ ਜੋ ਜੀਅ ਨਹੀਂ ਸਕਦਾ
ਫਿਰ ਇਹ ਕੌਣ ਸਰਾਪ ਦੇ ਗਿਆ
ਚੁੱਪ ਬੈਠਣ ਦਾ ?
ਅੱਜ ਦਾ ਬਸ ਇਹ ਵੀ ਨਹੀਂ ਕਹਿਣਾ
ਜੇ ਕੁਝ ਕਿਹਾ ਤਾਂ
ਊਂਘਦਿਆਂ ਰੁੱਖਾਂ ਤੋਂ ਪੰਛੀ ਉੱਡ ਜਾਵਣਗੇ।