ਅੱਜ ਦੇ ਯੁੱਗ ‘ਚ

ਅੱਜ ਦੇ ਯੁੱਗ ‘ਚ ਰਿਸ਼ਤੇਦਾਰੀ ਘਰ ਵਿਚ ਹੀ ਬਾਜ਼ਾਰੀ ਜਾਪੇ।

ਦਿਨ ਭਰ ਕੌਲ ਕਰਾਰਨ ਵਾਲੇ ਸ਼ਾਮ ਢਲੇ ਇਨਕਾਰੀ ਜਾਪੇ।

ਰੰਗ ਬਖੇਰਨ ਵਾਲੇ ਮੌਸਮ ਸਾਰਾ  ਸਾਲ ਹੀ ਔਣ ਉਦਾਸੇ,

ਗੋਦ ਖਿਡਾਇਆਂ ਹੱਥੋਂ ਜ਼ਖਮੀ ਕਰਤੇ ਦੀ ਕਰਤਾਰੀ ਜਾਪੇ।

ਕਿਹੜਾ ਅਜ ਦਸਤੂਰ ਮੁਤਾਬਿਕ ਰਹਿ ਗਿਆ ਹੈ ਦਸਤੂਰ ਅਜੋਕਾ,

ਧਰਮ   ਸਥਾਨਾਂ   ਦੀ   ਮਰਿਯਾਦਾ   ਅਖਬਾਰੀ   ਸਰਕਾਰੀ ਜਾਪੇ।

ਅੰਬਰ   ਨੇ ਉਪਕਾਰੀ   ਚਲਨੋ ਜਦ   ਤੋਂ ਅਪਣਾ   ਪਾਸਾ ਵੱਟਿਆ,

ਅਜ-ਕਲ ਅਜ-ਕਲ ਕਰਦੀ ਸੁਰ ਵੀ ਧਰਤੀ ਨੂੰ ਸਵਿਕਾਰੀ ਜਾਪੇ।

ਉਸ  ਆਜ਼ਾਦੀ  ਬਾਰੇ  ਲੋਕੀਂ  ਕੀ  ਸਮਝਣ ਕੀ ਸੋਚ  ਉਸਾਰਨ,

ਯਾਰੋ! ਜਿਸਦੀ ਰੱਖਿਆ-ਧਿਰ ਦੀ ਹਮਦਰਦੀ ਹਤਿਆਰੀ ਜਾਪੇ।

ਅਪਣੇ ਅਪਣੇ ਅਨੁਭਵ ਮੂਜਬ ਦੁਨੀਆਂ ਜੱਗ ਦੇ ਅਰਥ ਉਲੀਕੇ,

ਇਕ ਨੂੰ ਜੱਗ ਭਖੜਾਲੀ ਚਾਦਰ, ਇਕ ਨੂੰ ਇਹ ਫੁਲਕਾਰੀ ਜਾਪੇ।

ਅਚਨਚੇਤ ਹੀ ਇਕ ਅਖ਼ਬਾਰ ‘ਚ ਕਵੀਆਂ ਦਾ ਕੀ ਪੰਨਾ ਪੜ੍ਹਿਆ,

ਕਲਮਾਂ   ਦੇ ਸਨ   ਰੱਤ ਦੇ   ਹੰਝੂ ਜਗ  ਨੂੰ ਕਾਵਿ-ਕਿਆਰੀ ਜਾਪੇ।

 

📝 ਸੋਧ ਲਈ ਭੇਜੋ