ਅਜ ਦੀ ਰਾਤ ਅਖ਼ੀਰ

ਅਜ ਦੀ ਰਾਤ ਅਖ਼ੀਰ, ਵੇ ਰਾਂਝਣ !

ਕਿਸਾ ਬਣ ਜਾਊ ਹੀਰ

ਢਾਵਾਂ ਮਾਰਨਗੇ ਹੁਣ ਬੇਲੇ

ਖੇਹ ਉਡਾਵਣਗੇ ਉਹ ਵੇਲੇ

ਜਿਨ੍ਹਾਂ ਦੀ ਉਹਲੇ ਇਕਮਿਕ ਹੋਈ

ਮੇਰੀ ਤੇਰੀ ਤਕਦੀਰ, ਵੇ ਰਾਂਝਣ !

ਅਜ ਦੀ ਰਾਤ ਅਖ਼ੀਰ

ਜਾਂਦੀਆਂ ਘੜੀਆਂ ਡੰਗਦੀਆਂ ਜਾਵਣ

ਆਉਂਦੀਆਂ ਘੜੀਆਂ ਉਡਦੀਆਂ ਆਵਣ

ਜਾਂਦੀਆਂ ਆਉਂਦੀਆਂ ਘੜੀਆਂ ਮਿਲ ਕੇ

ਡੰਗ ਘੱਤੀ ਤਦਬੀਰ, ਵੇ ਰਾਂਝਣ !

ਅਜ ਦੀ ਰਾਤ ਅਖ਼ੀਰ

ਆਖ਼ਰੀ ਵਾਰ ਦਰਦ ਵੰਡਾ ਲੈ

ਹੀਰ ਦੇ ਪਿਆਰ ਨੂੰ ਹਿੱਕ ਨਾਲ ਲਾ ਲੈ

ਦਿਨ ਚੜ੍ਹਦੇ ਤਾਈਂ ਖਿਲਰ ਜਾਸੀ

ਸਾਹਵਾਂ ਦੀ ਜ਼ੰਜੀਰ, ਵੇ ਰਾਂਝਣ !

ਅਜ ਦੀ ਰਾਤ ਅਖ਼ੀਰ

📝 ਸੋਧ ਲਈ ਭੇਜੋ