ਅੱਜ ਜ਼ੁਲਮਾਂ ਨੂੰ ਜਰ ਵੀ ਗਏ ਤੇ

ਅੱਜ ਜ਼ੁਲਮਾਂ ਨੂੰ ਜਰ ਵੀ ਗਏ ਤੇ 

ਕੱਲ੍ਹ ਨਾ ਸੋਚੀਂ ਮਰ ਵੀ ਗਏ ਤੇ

ਰੋਟੀ ਦੇ ਈ ਰੌਲ਼ੇ ਪਏ ਸਨ 

ਰੱਬਾ ਤੇਰੇ ਘਰ ਵੀ ਗਏ ਤੇ

ਕਾਅਬੇ ਨੂੰ ਤੇ ਕੰਡ ਨਈਂ ਹੋਣੀ 

ਸੱਜਣ ਕੰਡ ਜੇ ਕਰ ਵੀ ਗਏ ਤੇ

ਫੇਰ ਵੀ ਹਿੰਮਤ ਹੋ ਸਕਦੀ ਏ

ਇੱਕ ਵਾਰੀ ਜੇ ਡਰ ਵੀ ਗਏ ਤੇ

ਛੱਲਾਂ ਬਾਹਰ ਨਈਂ ਆਵਣ ਦੇਣਾ

ਕੱਖ ਵਿਚਾਰੇ ਤਰ ਵੀ ਗਏ ਤੇ

ਕੁਝ ਗੱਲਾਂ ਦਾ ਸੇਕ ਨਈਂ ਜਾਣਾ

ਭਾਵੇਂ ਸੀਨੇ ਠਰ ਵੀ ਗਏ ਤੇ

ਜਿੱਤ ਸੱਜਣਾਂ ਦੇ ਹੱਥ ਫੜ੍ਹਾ ਕੇ 

ਜਿੱਤ ਜਾਵਾਂਗੇ ਹਰ ਵੀ ਗਏ ਤੇ

ਭੁੱਲ ਜਾ ‘ਸੰਧੂ’ ਅੱਖ ਦੇ ਭਾਂਡੇ

ਡੁੱਲ੍ਹਦੇ ਨਈਓਂ ਭਰ ਵੀ ਗਏ ਤੇ

📝 ਸੋਧ ਲਈ ਭੇਜੋ