ਰੋਜ਼ ਕਹਿੰਦੇ ਹਾਂ ਪਿਤਾ ਦਸ਼ਮੇਸ਼ ਆ ਜਾ,
ਜੇਕਰ ਆਵੇਂ ਤੈਨੂੰ ਵਿਖਾਵੀਏ ਕੀ ।
ਜੋ ਕੁਝ ਬੀਤ ਰਹੀ ਹੈ ਸਾਡੇ ਨਾਲ ਅੱਜ ਕੱਲ੍ਹ,
ਤੈਨੂੰ ਫੋਲ ਕੇ ਦਸ ਸੁਣਾਵੀਏ ਕੀ।
ਪਰਬਤ ਦੁੱਖਾਂ ਦੇ ਟੁੱਟ ਕੇ ਪਏ ਸਿਰ ਤੇ,
ਉੱਚਾ ਆਪਣੇ ਆਪ ਨੂੰ ਚਾਵੀਏ ਕੀ।
ਡੁੱਲ੍ਹੇ ਬੇਰ ਨੇ ਡੁੱਲ੍ਹ ਕੇ ਖਾਕ ਹੋ ਗਏ,
ਇਸ ਖ਼ਾਕ ਦਾ ਦਸ ਬਣਾਵੀਏ ਕੀ।
ਸਵਾ ਲੱਖ ਤੇ ਕੱਖ ਹੈ ਅੱਜ ਭਾਰੂ,
ਕੋਮਲ ਹੋ ਗਈ ਅੱਜ ਸੰਤਾਨ ਤੇਰੀ।
ਕੰਘੇ ਨਾਲ ਸੰਭਾਲ ਕੇ ਰੱਖ ਲਈਏ,
ਬੱਧੀ ਜਾਏ ਨਾ ਲੱਕ ਕਿਰਪਾਨ ਤੇਰੀ।
ਅੱਗੇ ਪੰਜ ਸਨ, ਪੰਜਾਂ ਤੋਂ ਬਣੇ ਚਾਲੀ,
ਚਾਲੀ ਲੱਖ ਦੇ ਲੱਖਾਂ ਖ਼ਿਆਲ ਹੋ ਗਏ।
ਲੱਭੇ ਜਿਨ੍ਹਾਂ ਨੂੰ ਘਾਅ ਨਾ ਖਾਣ ਜੋਗਾ,
ਉਹੀ ਬੈਂਕਾਂ ਦੇ ਭਾਈ ਵਾਲ ਹੋ ਗਏ।
ਕਈਆਂ ਪੰਡ ਵਜ਼ਾਰਤ ਦੀ 'ਚਾ ਲੀਤੀ,
ਕਈ ਈਰਖਾ ਥੀਂ ਲਾਲੋ ਲਾਲ ਹੋ ਗਏ।
ਰੱਜੇ ਹੋਏ ਸਨ ਕੱਲ੍ਹ ਜੋ ਸਿੱਖ ਤੇਰੇ,
ਸੱਚੇ ਪਾਤਸ਼ਾਹ ਅੱਜ ਕੰਗਾਲ ਹੋ ਗਏ।
ਤੇਰੇ ਪਾਏ ਹੋਏ ਪੂਰਨੇ ਮੇਟ ਛੱਡੇ,
ਰਹੇ ਮੂੰਹ ਨਹੀਂ ਤੈਨੂੰ ਵਿਖਾਣ ਜੋਗੇ।
ਰੌਲਾ ਪਾ ਪਾ ਮਿਸਲ ਢੰਡੋਰਚੀ ਦੇ,
ਛੜੇ ਰਹਿ ਗਏ ਟਲ ਖੜਕਾਣ ਜੋਗੇ ।
ਚੜ੍ਹਦੀ ਕਲਾ ਵਿੱਚ ਕੱਲ੍ਹ ਸੀ ਪੰਥ ਜਿਹੜਾ,
ਕੱਖਾਂ ਵਿੱਚ ਰੁਲਦੀ ਉਹਦੀ ਸ਼ਾਨ ਹੈ ਅੱਜ ।
ਜੰਗਲ ਵਿੱਚ ਜਿਹੜਾ ਮੌਜਾਂ ਮਾਣਦਾ ਸੀ,
ਉਹਦਾ ਬਾਗ ਹੋਇਆ ਬੀਆਬਾਨ ਹੈ ਅੱਜ।
ਜਿਹਦੇ ਕੋਲ ਸਨ ਵਿਸ਼ੇ ਵਕਾਰ ਵੱਡੇ,
ਹੋਈ ਈਰਖਾ ਉਹਦੀ ਜੁਆਨ ਹੈ ਅੱਜ।
ਜਿਹਦੇ ਤੀਰਾਂ ਦੇ ਵਿੱਚ ਸੀ ਜੋਸ਼ ਭਰਿਆ,
ਟੁੱਟੀ ਹੋਈ ਦਿਸਦੀ ਉਹਦੀ ਕਮਾਨ ਹੈ ਅੱਜ।
ਸਵਾ ਲੱਖ ਦੇ ਨਾਲ ਸੀ ਇੱਕ ਲੜਦਾ,
ਸਵਾ ਲੱਖ ਤੇ ਅੱਜ ਹੈ ਇੱਕ ਭਾਰੂ।
ਬੇੜੇ ਡੋਬ ਕੇ ਕੰਢੇ ਤੇ ਬੈਠ ਗਏ ਹਾਂ,
ਨਜ਼ਰ ਆਉਂਦਾ ਨਹੀਂ ਅੱਜ ਕੋਈ ਤਾਰੂ।
ਹੋਏ ਫੁੱਟ ਦਾ ਅਸੀਂ ਸ਼ਿਕਾਰ ਐਸੇ,
ਮਾਸ ਨਹੂੰਆਂ ਦੇ ਨਾਲੋਂ ਨਿਖੇੜ ਰਹੇ ਹਾਂ।
ਪਾਟੇ ਹੋਇਆਂ ਨੂੰ ਮੂਲ ਨਹੀਂ ਸੀਅ ਸਕਦੇ,
ਸਗੋਂ ਸੀਤੇ ਹੋਏ ਬਖੀਏ ਉਧੇੜ ਰਹੇ ਹਾਂ।
ਚੱਕਰ ਵਿੱਚ ਤਕਦੀਰ ਦੇ ਫਸ ਫਸ ਕੇ,
ਉਲਟਾ ਕਰਮਾਂ ਦੇ ਗੇੜਾਂ ਨੂੰ ਗੇੜ ਰਹੇ ਹਾਂ।
ਜਾਮਾ ਅੰਮ੍ਰਿਤੀ ਜਿਹੜਾ ਤੂੰ ਬਖਸ਼ਿਆ ਸੀ,
ਉਹਨੂੰ ਵਿਸ਼ ਦੇ ਵਿੱਚ ਲਬੇੜ ਰਹੇ ਹਾਂ।
ਬਾਣੀ ਪੜ੍ਹਨ ਵਾਲੀ ਪਾਕ ਜੀਭ ਸਾਡੀ,
ਇੱਕ ਦੂਸਰੇ ਤੇ ਜ਼ਹਿਰ ਉਗਲ ਰਹੀ ਏ।
ਖਾ ਖਾ ਵਟ ਦਵੈਤ ਦਾ ਦਿਲਾਂ ਅੰਦਰ,
ਨਦੀ ਈਰਖਾ ਦੀ ਡਾਢੀ ਉਛਲ ਰਹੀ ਏ।
ਮਤੀ, ਤਾਰੂ ਤੇ ਲਛਮਣ ਦਲੀਪ ਵਰਗੇ,
ਜੇਕਰ ਹੁੰਦੇ ਤੇ ਸ਼ਾਇਦ ਤੂੰ ਆ ਜਾਂਦਾ।
ਫੂਲਾ ਸਿੰਘ, ਰਣਜੀਤ ਨੂੰ ਵੇਖਦੋਂ ਜੇ
ਤਾਂ ਵੀ ਹੋ ਸਕਦੈ ਫੇਰਾ ਪਾ ਜਾਂਦਾ।
ਦਿਆ, ਹਿੰਮਤ, ਮੋਹਕਮ, ਧਰਮ ਮਿਲਦਾ,
ਸ਼ਾਇਦ ਕਲਗੀ ਦੀ ਝਲ ਵਿਖਾ ਜਾਂਦਾ।
ਜੋਗਾ ਸਿੰਘ, ਨੰਦ ਲਾਲ ਨੂੰ ਆ ਮਿਲਦਾ,
ਹੱਥੀਂ ਪ੍ਰੇਮ ਪਿਆਲੇ ਪਿਲਾ ਜਾਂਦਾ।
ਨਿਘਰ ਗਏ ਹਾਂ ਮਹਾਂ ਸਿੰਘ ਵਰਗੇ,
ਦਿਲ ਕਰ ਨਹੀਂ ਸਕਦੇ ਪੇਸ਼ ਤੇਰੇ।
ਵਿੱਚੋਂ ਹੋਰ ਤੇ ਉੱਪਰੋਂ ਹੋਰ ਕਹਿ ਕਹਿ,
ਅਸੀਂ ਆਖਦੇ ਰਹੇ ਹਮੇਸ਼ ਤੇਰੇ।
ਦਾਤਾ ਤੂੰ ਸੱਚਾ, ਤੇਰੇ ਕੌਲ ਸੱਚੇ,
ਐਪਰ ਦਿਲ ਨਹੀਂ ਰਿਹਾ ਏ ਪਾਕ ਸਾਡਾ।
ਅੱਖਾਂ ਨਹੀਂ ਜੋ ਤੇਰਾ ਦੀਦਾਰ ਵੇਖਣ,
ਸੀਨਾ ਹੋ ਰਿਹਾ ਹੈ ਚਾਕ ਚਾਕ ਸਾਡਾ।
ਜਾਦੂ ਫੁੱਟ ਨੇ ਪਾ ਲਿਆ ਦਿਲਾਂ ਉੱਤੇ,
ਤਦੇ ਸਿੱਧ ਨਹੀਂ ਹੁੰਦਾ ਏ ਵਾਕ ਸਾਡਾ।
ਹਾਲਾਂ ਲੀਡਰੀ ਤੋਂ ਵਿਹਲੇ ਹੋ ਲਈਏ,
ਜਦੋਂ ਚਾਹਾਂਗੇ ਤੈਨੂੰ ਬੁਲਾ ਲਵਾਂਗੇ।
ਅਸੀਂ ਆਪਣੇ ਕਾਲੇ ਜਿਹੇ ਮਨ ਅੰਦਰ,
ਅਜਿਹੀ ਨੂਰ ਦੀ ਜੋਤ ਜਲਾ ਲਵਾਂਗੇ।