ਮਾਨ ਸਰੋਵਰ ਰਿਸ਼ਮਾਂ ਲੱਥੀਆਂ

ਮੋਤੀ ਰਹੀਆਂ ਚੁੱਗ ਵੇ ।

ਫੇਰ ਹਨੇਰੇ ਚਉਸਰ ਖੇਡੇ

ਫ਼ਜ਼ਰ ਗਈ ਊ ਪੁੱਗ ਵੇ ।

ਪੂਰਬ ਦੀ ਇਕ ਟਾਹਣੀ ਉੱਤੇ

ਕਿਰਣਾਂ ਪਈਆਂ ਉੱਗ ਵੇ ।

ਸੱਭੇ ਯਾਦਾਂ ਉੱਮਲ੍ਹ ਆਈਆਂ

ਭਰੀ ਕਲੇਜੇ ਰੁੱਗ ਵੇ ।

ਅੱਲ੍ਹੜ ਧੁੱਪਾਂ ਖੇਡਣ ਪਈਆਂ

ਖੇਡਣ ਰੰਗ ਕਸੁੰਭ ਵੇ ।

ਲਗਰਾਂ ਜਹੀਆਂ ਸਿਖ਼ਰ ਦੁਪਹਿਰਾਂ

ਹੋਈਆਂ ਚਿੱਟੀਆਂ ਖੁੰਬ ਵੇ ।

ਵੇਖ ਸਮੇਂ ਨੇ ਚਾੜ੍ਹ ਧੁਣਖਣੀ

ਚਾਨਣ ਦਿੱਤਾ ਤੁੰਬ ਵੇ ।

ਦੋਵੇਂ ਪੈਰ ਦਿਹੁੰ ਦੇ ਠਰ ਗਏ

ਕਿਰਣਾਂ ਮਾਰੀ ਝੁੰਬ ਵੇ ।

ਕਿਰਣਾਂ ਜਿਵੇ ਜਲੂਟੀ ਹੋਈਆਂ

ਅੰਬਰ ਗਏ ਨੇ ਅੰਬ ਵੇ ।

ਕਿਸੇ ਰਾਹੀ ਨੇ ਅੱਡੀ ਝਾੜੀ

ਪੰਛੀ ਝਾੜੇ ਖੰਭ ਵੇ ।

ਆ ਗਏ ਝੁੰਡ, ਵੱਗ ਤੇ ਡਾਰਾਂ

ਭਰ ਗਏ ਸਰਵਰ ਛੰਭ ਵੇ ।

ਏਸ ਹਿਜਰ ਦੇ ਪੈਂਡੇ ਉੱਤੇ

ਜਿੰਦ ਗਈ ਮੇਰੀ ਹੰਭ ਵੇ ।

ਡੋਲ ਗਈ ਸੂਰਜ ਦੀ ਬੇੜੀ

ਪੱਛਮ ਉੱਠੀ ਛੱਲ ਵੇ ।

ਗੰਢ ਪੋਟਲੀ ਚੁੱਕ ਤਰਕਾਲਾਂ

ਆਈਆਂ ਸਾਡੀ ਵੱਲ ਵੇ ।

ਕਿਹੜੇ ਬੱਦਲੋਂ ਕਣੀਆਂ ਲੱਥੀਆਂ

ਅੱਖੀਆਂ ਭਰ ਲਈ ਡੱਲ ਵੇ ।

ਹਰ ਇਕ ਮੇਰੀ "ਅੱਜ" ਢੂੰਡਦੀ

ਕਿੱਥੇ ਕੁ ਤੇਰੀ "ਕੱਲ੍ਹ" ਵੇ ?

📝 ਸੋਧ ਲਈ ਭੇਜੋ